ਦੇਵਿੰਦਰ ਸਿੰਘ ਜੱਗੀ
ਪਾਇਲ, 8 ਸਤੰਬਰ
ਸਬ-ਡਵੀਜ਼ਨ ਪਾਇਲ ਦੇ ਪਿੰਡ ਸੋਹੀਆ ਵਿੱਚ ਗ੍ਰਾਮ ਪੰਚਾਇਤ ਵੱਲੋਂ ਪਾਏ ਜਾ ਰਹੇ ਗੰਦੇ ਪਾਣੀ ਦੀ ਨਿਕਾਸੀ ਲਈ ਅੰਡਰ ਗਰਾਊਂਡ ਪਾਈਆਂ ਪਾਈਪਾਂ ਉੱਪਰ ਥਾਂ-ਥਾਂ ’ਤੇ ਦੁਬਾਰਾ ਪਾਈ ਮਿੱਟੀ ਹਟਾ ਕੇ ਪਾਈਪਾਂ ’ਤੇ ਆਈਐੱਸਆਈ ਦਾ ਮਾਰਕਾ ਲਗਾਉਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲਾ ਸ਼ੋਸਲ ਮੀਡੀਆ ’ਤੇ ਵੀ ਛਾਇਆ ਹੋਇਆ ਹੈ। ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ ਪਿੰਡ ਸੋਹੀਆ ਦੇ ਹਰਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਆਈਐੱਸਆਈ ਮਾਰਕਾ ਦੀਆਂ ਪਾਈਪਾਂ ਨਾ ਹੋਣ ਦੀ ਲਿਖਤੀ ਸ਼ਿਕਾਇਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਕੀਤੀ ਹੈ ਪਰ ਕਿਸੇ ਨੇ ਕੋਈ ਗੌਰ ਨਾ ਕੀਤੀ। ਜਦੋਂ ਗੰਦੇ ਪਾਣੀ ਦੀ ਨਿਕਾਸੀ ਦੀਆਂ ਦੱਬੀਆਂ ਹੋਈਆਂ ਪਾਈਪਾਂ ਉੱਪਰ ਮਾਰਕਾ ਲਗਾਉਦੇ ਹੋਏ ਮਜ਼ਦੂਰਾਂ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਤਾਂ ਵੀ ਵਿਭਾਗ ਨੇ ਕੋਈ ਕਾਰਵਾਈ ਦੀ ਤਵੱਜੋਂ ਨਾ ਦਿੱਤੀ। ਹਰਜਿੰਦਰ ਸਿੰਘ ਸੋਹੀਆ, ਜਗਵਿੰਦਰ ਸਿੰਘ ਸੋਹੀਆ, ਪੰਮਾ ਸੇਖਾ, ਸ਼ਮਸ਼ੇਰ ਸਿੰਘ ਨੇ ਸਾਬਕਾ ਸਰਪੰਚ ਵਿਨੋਦ ਕੁਮਾਰ ਸੋਹੀਆ ਦੀ ਹਾਜ਼ਰੀ ਵਿੱਚ ਪਾਈਆਂ ਪਾਈਪਾਂ ਵਿਖਾਉਦੇ ਹੋਏ ਦੱਸਿਆ ਕਿ ਸਰਪੰਚ ਵੱਲੋਂ ਘਟੀਆ ਕੁਆਲਿਟੀ ਦੀਆਂ ਪਾਈਪਾਂ ਜੋ ਕਿ ਬਿਨਾਂ ਆਈਐੱਸਆਈ ਮਾਰਕੇ ਤੋਂ ਪਾਈਆ ਗਈਆਂ ਹਨ।
ਇਸ ਦੀ ਵਿਭਾਗ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਸ਼ਿਕਾਇਤ ਕਰਤਾ ਨੇ ਵੀਡੀਓ ਜ਼ਾਰੀ ਕਰਕੇ ਹਲਕਾ ਵਿਧਾਇਕ ਤੋਂ ਵੀ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਮਜ਼ਦੂਰ ਮਾਰਕਾ ਲਗਾਉਣਾ ਭੁੱਲ ਗਏ ਸਨ: ਸਰਪੰਚ ਦਾ ਪਤੀ
ਸੀਵਰੇਜ ਪਾਈਪਾਂ ਬਾਰੇ ਸਰਪੰਚ ਬਲਜੀਤ ਕੌਰ ਦੇ ਪਤੀ ਕੁਲਬੀਰ ਸਿੰਘ ਸੋਹੀਆ ਨੇ ਦੱਸਿਆ ਕਿ ਇਹ ਪਾਈਪਾਂ ਆਈਐੱਸਆਈ ਮਾਰਕਾ ਰਜਿਸਟਰ ਫਰਮ ਤੋਂ ਹੀ ਖ੍ਰੀਦੀਆਂ ਗਈਆਂ ਹਨ। ਜਦੋਂ ਪਾਈਪਾਂ ’ਤੇ ਮਾਰਕਾ ਨਾ ਲੱਗੇ ਹੋਣ ਬਾਰੇ ਪਤਾ ਲੱਗਾ ਤਾਂ ਤੁਰੰਤ ਫਰਮ ਨਾਲ ਸੰਪਰਕ ਕੀਤਾ ਗਿਆ ਜਿਨ੍ਹਾਂ ਨੇ ਜਿੱਥੇ ਮਜ਼ਦੂਰ ਭੇਜ ਕੇ ਪਾਈਪਾਂ ’ਤੇ ਮਾਰਕਾ ਲਗਵਾ ਦਿੱਤਾ ਹੈ ਉੱਥੇ ਲਿਖਤੀ ਤੌਰ ਤੇ ਵੀ ਚਿੱਠੀ ਦਿੱਤੀ ਹੈ ਕਿ ਮਜ਼ਦੂਰ ਮਾਰਕਾ ਲਗਾਉਣਾ ਭੁੱਲ ਗਏ ਸਨ, ਜੋ ਕਿ ਹੁਣ ਮਜ਼ਦੂਰ ਭੇਜ ਕੇ ਲਗਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਇਸ ਮਸਲੇ ਨੂੰ ਬੇਵਜਾ ਤੂਲ ਦੇ ਰਹੇ ਹਨ ਜਿਨ੍ਹਾਂ ਨੂੰ ਵਿਕਾਸ ਅਤੇ ਪਿੰਡ ਦੀ ਭਾਈਚਾਰਕ ਸਾਂਝ ਚੰਗੀ ਨਹੀਂ ਲੱਗਦੀ।
ਕੀ ਕਹਿਣਾ ਹਲਕਾ ਵਿਧਾਇਕ ਦਾ
ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਸਭ ਤੋਂ ਪਹਿਲਾਂ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ ਦੀ ਜਾਂਚ ਕੀਤੀ ਜਾਵੇਗੀ। ਜੇਕਰ ਉਹ ਸਹੀ ਪਾਈ ਗਈ ਤਾਂ ਡੂੰਘਾਈ ਨਾਲ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਦੋਂ ਇਸ ਮਾਮਲੇ ਬਾਰੇ ਬੀਡੀਪੀਓ ਮਲੌਦ ਗੁਰਵਿੰਦਰ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਅੱਗਿਓ ਉਨ੍ਹਾਂ ਦਾ ਫੋਨ ਬੰਦ ਆਇਆ।