ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਮਈ
ਨੇੜਲੇ ਪਿੰਡ ਮਿੱਠੇਵਾਲ ਵਿੱਚ ਵਿਆਹੀ ਸਤਨਾਮ ਕੌਰ (40) ਦੀ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕਾ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਨੂੰ ਉਸ ਦੇ ਪਤੀ ਤੇ ਸੱਸ ਨੇ ਜ਼ਹਿਰ ਦੇ ਕੇ ਕਤਲ ਕੀਤਾ ਹੈ। ਮ੍ਰਿਤਕਾ ਸਤਨਾਮ ਕੌਰ ਦੇ ਪਿਤਾ ਸਾਬਕਾ ਸਰਪੰਚ ਮਹਿੰਦਰ ਸਿੰਘ ਧਨੂੰਰ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਸੰਨ 2000 ਵਿੱਚ ਮਿੱਠੇਵਾਲ ਵਾਸੀ ਗੁਰਦੇਵ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੀ ਧੀ ਨੂੰ ਉਸ ਦਾ ਪਤੀ ਗੁਰਦੇਵ ਸਿੰਘ ਤੇ ਸੱਸ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਕਈ ਵਾਰ ਪੰਚਾਇਤੀ ਪੱਧਰ ’ਤੇ ਰਾਜ਼ੀਨਾਮਾ ਵੀ ਹੋਇਆ।
ਮਹਿੰਦਰ ਸਿੰਘ ਧਨੂੰਰ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੀ ਧੀ ਸਤਨਾਮ ਕੌਰ ਦਾ ਪੇਕੇ ਘਰ ਭਰਾ ਗੁਰਦੀਪ ਸਿੰਘ ਨੂੰ ਫੋਨ ਆਇਆ ਕਿ ਉਸ ਦਾ ਪਤੀ ਗੁਰਦੇਵ ਸਿੰਘ ਤੇ ਸੱਸ ਵੱਲੋਂ ਉਸ ਨੂੰ ਕੋਈ ਜ਼ਹਿਰੀਲਾ ਪਦਾਰਥ ਖੁਆ ਦਿੱਤਾ ਗਿਆ ਹੈ ਅਤੇ ਜਲਦ ਉਸ ਦੀ ਸਹਾਇਤਾ ਲਈ ਆਵੇ। ਭਰਾ ਗੁਰਦੀਪ ਸਿੰਘ ਆਪਣੀ ਭੈਣ ਦਾ ਫੋਨ ਆਉਣ ਤੋਂ ਬਾਅਦ ਉਸਦੇ ਸਹੁਰੇ ਘਰ ਮਿੱਠੇਵਾਲ ਗਿਆ ਤਾਂ ਉੱਥੇ ਜਾ ਕੇ ਦੇਖਿਆ ਕਿ ਉਸ ਦੀ ਭੈਣ ਸਤਨਾਮ ਕੌਰ ਦੀ ਹਾਲਤ ਕਾਫ਼ੀ ਗੰਭੀਰ ਹੋ ਚੁੱਕੀ ਸੀ। ਭਰਾ ਗੁਰਦੀਪ ਸਿੰਘ ਆਪਣੀ ਭੈਣ ਸਤਨਾਮ ਕੌਰ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਮਾਛੀਵਾੜਾ ਲੈ ਆਇਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ। ਲੁਧਿਆਣਾ ਸਿਵਲ ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਸਤਨਾਮ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਾਛੀਵਾੜਾ ਪੁਲੀਸ ਨੇ ਮ੍ਰਿਤਕਾ ਸਤਨਾਮ ਕੌਰ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤੀ ਹੈ। ਪੁਲੀਸ ਵੱਲੋਂ ਪਿਤਾ ਮਹਿੰਦਰ ਸਿੰਘ ਧਨੂੰਰ ਦੇ ਬਿਆਨ ਦਰਜ ਕਰ ਪਤੀ ਗੁਰਦੇਵ ਸਿੰਘ ਤੇ ਸੱਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।