ਪੱਤਰ ਪ੍ਰੇਰਕ
ਮਾਛੀਵਾੜਾ, 25 ਅਪਰੈਲ
ਨਗਰ ਕੌਂਸਲ ਮਾਛੀਵਾੜਾ ਦੀ ਮੀਟਿੰਗ ਪ੍ਰਧਾਨ ਸੁਰਿੰਦਰ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੋਂ ਇਲਾਵਾ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ’ਚ ਸਰਬ ਸੰਮਤੀ ਨਾਲ ਨਗਰ ਕੌਂਸਲ ਦਾ 2022-23 ਲਈ 6.40 ਕਰੋੜ ਦਾ ਬਜਟ ਪਾਸ ਕਰ ਦਿੱਤਾ ਗਿਆ। ਮੀਟਿੰਗ ਉਪਰੰਤ ਪ੍ਰਧਾਨ ਕੁੰਦਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 6.40 ਕਰੋੜ ਦੇ ਬਜਟ ’ਚੋਂ 2.89 ਕਰੋੜ ਰੁਪਏ ਮੁਲਾਜ਼ਮਾਂ ਦੀਆਂ ਤਨਖਾਹਾਂ, 3.36 ਕਰੋੜ ਰੁਪਏ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਅਤੇ 15 ਲੱਖ ਰੁਪਏ ਅਚਨਚੇਤ ਖਰਚੇ ਲਈ ਰਾਖਵੇਂ ਰੱਖੇ ਜਾਣਗੇ। ਇਸ ਤੋਂ ਇਲਾਵਾ ਮਾਛੀਵਾੜਾ ਦੀ ਕੂਕਾ ਕਲੋਨੀ ਦੇ ਨਿਵਾਸੀਆਂ ਵੱਲੋਂ ਇੱਕ ਦਰਖ਼ਾਸਤ ਦਿੱਤੀ ਗਈ ਸੀ ਕਿ ਇੱਥੇ 100 ਘਰਾਂ ਦੀ 500 ਤੋਂ ਵੱਧ ਅਬਾਦੀ ਹੈ ਪਰ ਇੱਥੋਂ ਦੇ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਜਿਨ੍ਹਾਂ ’ਚ ਗਲੀਆਂ, ਨਾਲੀਆਂ ਨਹੀਂ ਮਿਲੀਆਂ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ’ਚ ਇੱਥੇ ਹਾਲਾਤ ਬਹੁਤ ਖ਼ਰਾਬ ਹੋ ਜਾਂਦੇ ਹਨ, ਨਗਰ ਕੌਂਸਲ ਵੱਲੋਂ ਇਸ ਮਤੇ ’ਤੇ ਵੀ ਵਿਚਾਰ ਕਰ ਵਿਕਾਸ ਕਾਰਜ ਪਹਿਲ ਦੇ ਅਧਾਰ ’ਤੇ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ’ਚ ਹੋਰ ਵੀ ਜੋ ਮਤੇ ਸਨ ਉਨ੍ਹਾਂ ’ਤੇ ਸਹਿਮਤੀ ਪ੍ਰਗਟਾ ਦਿੱਤੀ ਗਈ। ਇਸ ਮੌਕੇ ਮਨਜੀਤ ਕੁਮਾਰੀ, ਐਡਵੋਕੇਟ ਕਪਿਲ ਆਨੰਦ, ਪਰਮਜੀਤ ਪੰਮੀ, ਗੁਰਨਾਮ ਸਿੰਘ, ਵਿਜੈ ਕੁਮਾਰ ਚੌਧਰੀ, ਸਤਿੰਦਰ ਕੌਰ, ਬਿਮਲਾ ਦੇਵੀ, ਪਰਮਜੀਤ ਕੌਰ, ਸੂਰਜ ਕੁਮਾਰ (ਸਾਰੇ ਕੌਂਸਲਰ), ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ, ਲੇਖਾਕਾਰ ਸੰਜੀਵ ਗਰੋਵਰ, ਇੰਸਪੈਕਟਰ ਜਸਪਾਲ ਸਿੰਘ, ਸੁਖਵਿੰਦਰ ਗਿੱਲ, ਕੇਵਲ ਸਿੰਘ ਹੇਡੋਂ ਵੀ ਮੌਜੂਦ ਸਨ।