ਪੱਤਰ ਪ੍ਰੇਰਕ
ਮਾਛੀਵਾੜਾ, 25 ਅਪਰੈਲ
ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਨੂੰ ਵਧੀਆ ਕਾਰਗੁਜ਼ਾਰੀ ਦਿਖਾਉਣ ’ਤੇ ਭਾਰਤ ਸਰਕਾਰ ਵੱਲੋਂ ‘ਦੀਨ ਦਿਆਲ ਉਪਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ’ ਦਿੱਤਾ ਗਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬੀਡੀਪੀਓ ਅਮਰਦੀਪ ਸਿੰਘ ਨੂੰ ਇਹ ਕੌਮੀ ਪੁਰਸਕਾਰ ਅਤੇ ਨਾਲ ਹੀ ਭਾਰਤ ਸਰਕਾਰ ਵਲੋਂ ਭੇਜੀ 25 ਲੱਖ ਰੁਪਏ ਦੀ ਗ੍ਰਾਂਟ ਸੌਂਪੀ। ਐਵਾਰਡ ਮਿਲਣ ਉਪਰੰਤ ਬੀਡੀਪੀਓ ਅਮਰਦੀਪ ਸਿੰਘ ਨੇ ਦੱਸਿਆ ਕਿ ਇਹ ਐਵਾਰਡ ਬਲਾਕ ਪੰਚਾਇਤ ਦਫ਼ਤਰ ਨੂੰ ਆਪਣੀ ਆਮਦਨ ਦੇ ਸਾਧਨ ਵਧਾਉਣ, ਪਿੰਡ ਵਾਸੀਆਂ ਲਈ ਕੀਤੇ ਗਏ ਭਲਾਈ ਦੇ ਕੰਮ, ਸਿਹਤ ਤੇ ਸਿੱਖਿਆ ਸੇਵਾਵਾਂ ਦਾ ਪੱਧਰ ਉੱਚਾ ਚੁੱਕਣ ਲਈ ਕੀਤੇ ਯਤਨ, ਪੰਚਾਇਤ ਸਮਿਤੀ ਦੀਆਂ ਤੈਅ ਸਮੇਂ ’ਚ ਕੀਤੀਆਂ ਮੀਟਿੰਗਾਂ ਤੋਂ ਇਲਾਵਾ ਬਲਾਕ ਸਮਿਤੀ ਮੈਂਬਰਾਂ ਵਲੋਂ ਉਠਾਏ ਗਏ ਮੁੱਦਿਆਂ ਨੂੰ ਰਿਕਾਰਡ ਵਿਚ ਦਰਜ ਕਰ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਕਰਵਾਉਣਾ ਵੀ ਸ਼ਾਮਲ ਹੈ। ਅਧਿਕਾਰੀ ਅਮਰਦੀਪ ਸਿੰਘ ਨੇ ਦੱਸਿਆ ਕਿ ਇਹ ਮਾਣਮੱਤੀ ਪ੍ਰਾਪਤੀ ਲਈ ਦਫ਼ਤਰ ਦਾ ਸਮੂਹ ਸਟਾਫ਼, ਪੰਚਾਇਤ ਸਕੱਤਰ ਅਤੇ ਸਰਪੰਚਾਂ ਦੇ ਸਹਿਯੋਗ ਸਦਕਾ ਮਿਲੀ ਹੈ। ਜ਼ਿਕਰਯੋਗ ਹੈ ਕਿ ਮਾਛੀਵਾੜਾ ਬਲਾਕ ਦਫ਼ਤਰ ਨੂੰ 2018-19 ’ਚ ਵੀ ਇਹ ਪੁਰਸਕਾਰ ਮਿਲ ਚੁੱਕਾ ਹੈ ਅਤੇ ਦੂਜੀ ਵਾਰ ਇਸ ਦੀ ਚੋਣ ਹੋਈ ਹੈ।