ਗਗਨਦੀਪ ਅਰੋੜਾ
ਲੁਧਿਆਣਾ, 12 ਨਵੰਬਰ
ਕੁਝ ਸਮੇਂ ਤੋਂ ਪੰਜਾਬ ਤੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ’ਚੋਂ ਮਹਿੰਗੀਆਂ ਕਾਰਾਂ ਚੋਰੀ ਕਰ ਉਸ ਨੂੰ ਮਹਾਂਰਾਸ਼ਟਰ ਦੇ ਪੁਣੇ ਵੇਚਣ ਵਾਲੇ ਚੋਰ ਗਰੋਹ ਦੇ ਤਿੰਨ ਮੁਲਜ਼ਮਾਂ ਨੂੰ ਸੀਆਈਏ-1 ਤੇ ਸਰਾਭਾ ਨਗਰ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਲਗਜ਼ਰੀ ਕਾਰਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਮੁਲਜ਼ਮ ਸਨਅਤੀ ਸ਼ਹਿਰ ਦੀ ਪੁਲੀਸ ਲਈ ਚੁਣੌਤੀ ਬਣ ਗਏ ਸਨ। ਪੁਲੀਸ ਕਾਫ਼ੀ ਸਮੇਂ ਤੋਂ ਇਨ੍ਹਾਂ ਦੀ ਭਾਲ ਕਰ ਰਹੀ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਪੁਣੇ ’ਚ ਚੋਰੀ ਦੀਆਂ ਗੱਡੀਆਂ ਵੇਚਦੇ ਹਨ ਤਾਂ ਪੁਲੀਸ ਨੇ ਪੁਣੇ ਪੁਲੀਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਪੁਣੇ ਪੁਲੀਸ ਨੇ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਨਵੀਂ ਦਿੱਲੀ ਸਥਿਤ ਈਸਟ ਉਤਮ ਨਗਰ ਵਾਸੀ ਦੀਪਕ ਖੰਨਾ ਉਰਫ਼ ਤੁਸ਼ਾਰ, ਪਟਿਆਲਾ ਦੇ ਰਾਇਲ ਇਨਕਲੇਵ ਵਾਸੀ ਹਰਪ੍ਰੀਤ ਸਿੰਘ ਉਰਫ਼ ਸਮਾਰਟੀ, ਪੁਣੇ ਵਾਸੀ ਮਨਜੀਤ ਸਿੰਘ ਉਰਫ਼ ਬੱਬਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਤਿੰਨਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਆਉਂਦਾ ਹੈ ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਦੇਹੀ ’ਤੇ ਉਨ੍ਹਾਂ ਦੇ ਕਬਜ਼ੇ ’ਚੋਂ ਪੰਜ ਕਾਰਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ’ਚੋਂ 2 ਇਨੋਵਾ, ਇੱਕ ਫਾਰਚੂਨਰ ਤੇ ਇੱਕ ਬੀਟ ਕਾਰ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਨੇ ਪੰਜ ਵਾਰਦਾਤਾਂ ਹੱਲ ਕਰਨ ਦਾ ਦਾਅਵਾ ਕੀਤਾ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲੀਸ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪਿਛਲੇਂ ਕਾਫ਼ੀ ਸਮੇਂ ਤੋਂ ਲੁਧਿਆਣਾ ’ਚੋਂ ਲਗਜ਼ਰੀ ਕਾਰਾਂ ਚੋਰੀ ਹੋ ਰਹੀਆਂ ਸਨ। ਗਰੋਹ ਵਾਹਨ ਚੋਰੀ ਕਰਨ ਤੋਂ ਬਾਅਦ ਪੁਣੇ ਲੈ ਜਾਂਦਾ ਸੀ ਤੇ ਉਥੇ ਕਾਰਾਂ ਨੂੰ ਜਾਂ ਤੋੜ ਕੇ ਉਸ ਦਾ ਸਾਮਾਨ ਵੇਚਦੇ ਸਨ ਜਾਂ ਫਿਰ ਉਸ ਦੇ ਜਾਅਲੀ ਕਾਗਜ਼ਾਤ ਤਿਆਰ ਕਰ ਉਸ ਨੂੰ ਅੱਗੇ ਵੇਚ ਦਿੰਦੇ ਸਨ।
ਚੋਰਾਂ ਕੋਲ ਲਗਜ਼ਰੀ ਕਾਰਾਂ ਚੋਰੀ ਕਰਨ ਦੇ ਸਾਫ਼ਟਵੇਅਰ
ਡੀਸੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮਾਂ ’ਚ ਪਟਿਆਲਾ ਵਾਸੀ ਸਮਾਰਟੀ ਬੀਟੈਕ ਇੰਜੀਨੀਅਰ ਕਰ ਚੁੱਕਿਆ ਹੈ। ਮੁਲਜ਼ਮ ਜ਼ਿਆਦਾਤਰ ਲਗਜ਼ਰੀ ਕਾਰਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ। ਲਗਜ਼ਰੀ ਕਾਰਾਂ ਨੂੰ ਚੋਰੀ ਕਰਨ ਲਈ ਮੁਲਜ਼ਮਾਂ ਕੋਲ ਸਾਫ਼ਟਵੇਅਰ ਵੀ ਸੀ ਤਾਂ ਕਿ ਕਾਰ ਖੁੱਲ੍ਹਣ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਾ ਆਵੇ। ਇਸ ਤੋਂ ਇਲਾਵਾ ਜੇਕਰ ਮੁਲਜ਼ਮ ਕੋਈ ਛੋਟੀ ਕਾਰ ਚੋਰੀ ਕਰਦੇ ਸਨ ਤਾਂ ਉਸ ਨੂੰ ਕਬਾੜ ’ਚ ਜਾ ਕੇ ਵੇਚ ਦਿੰਦੇ ਸਨ। ਫਿਰ ਪੰਜਾਬ ’ਚੋਂ ਵਾਹਨ ਚੋਰੀ ਕਰਨ ਮਗਰੋਂ ਮੁਲਜ਼ਮ ਸੜਕੀ ਰਸਤੇ ਉਸ ਨੂੰ ਪੁਣੇ ਲੈ ਜਾਂਦੇ ਸਨ। ਡੀਸੀਪੀ ਨੇ ਕਿਹਾ ਕਿ ਮੁਲਜ਼ਮ ਦੀਪਕ ’ਤੇ ਦੇਸ਼ ਦੇ ਵੱਖ-ਵੱਖ ਥਾਣਿਆਂ ’ਚ 34 ਦੇ ਕਰੀਬ ਚੋਰੀ ਤੇ ਲੁੱਟਖੋਹ ਦੇ ਕੇਸ ਦਰਜ ਹਨ। ਹਰਪ੍ਰੀਤ ਸਿੰਘ ਖਿਲਾਫ਼ 10 ਕੇਸ ਦਰਜ ਹਨ, ਜਦੋਂ ਕਿ ਮਨਜੀਤ ਸਿੰਘ ਖਿਲਾਫ਼ ਵੱਖ-ਵੱਖ ਥਾਣਿਆਂ ’ਚ 15 ਕੇਸ ਦਰਜ ਹਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ ਤਾਂ ਕਿ ਉਨ੍ਹਾਂ ਦੇ ਗਰੋਹ ਤੇ ਉਨ੍ਹਾਂ ਨਾਲ ਜੁੜੇ ਹੋਰ ਲੋਕਾਂ ਬਾਰੇ ਪਤਾ ਲੱਗ ਸਕੇ।