ਟਿ੍ਰਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੁਲਾਈ
ਇਥੇ ਮਾਡਲ ਟਾਊਨ ਸਥਿਤ ਜੱਸਲ ਫੋਰਜਿੰਗ ਦੇ ਮਾਲਕ ਹਰੀ ਸਿੰਘ ਜੱਸਲ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੇਮੰਤ ਨੂੰ ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਿਕ ਪੁਲੀਸ ਮੁਲਜ਼ਮ ਹੇਮੰਤ ਤੋਂ ਪੁੱਛ-ਗਿਛ ਕਰਕੇ ਫ਼ਰਾਰ ਚੱਲ ਰਹੇ ਜੋੜੇ ਸਣੇ 6 ਲੋਕਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜੋੜੇ ਸਮੇਤ 6 ਲੋਕ ਨੇਪਾਲ ਭੱਜ ਗਏ ਹਨ। ਪੁਲੀਸ ਮੁਲਜ਼ਮਾਂ ਦੀ ਭਾਲ ’ਚ ਕਈ ਤਿਆਰੀਆਂ ਕਰਨ ’ਚ ਲੱਗੀ ਹੋਈ ਹੈ ਤਾਂ ਕਿ ਮੁਲਜ਼ਮਾਂ ਨੂੰ ਕਿਸੇ ਤਰ੍ਹਾ ਨੇਪਾਲ ਦੇ ਅੰਦਰੋ ਹੀ ਕਾਬੂ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਕੱਲ੍ਹ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਵਾਰਦਾਤ ਦਾ ਮਾਸਟਰ ਮਾਈਂਡ ਹੇਮੰਤ ਸਲੇਮ ਟਾਬਰੀ ਇਲਾਕੇ ਦੇ ਫੌਜੀ ਢਾਬੇ ’ਤੇ ਕੰਮ ਕਰਦਾ ਸੀ। ਉਸ ਦੇ ਕਹਿਣ ’ਤੇ ਮੁਲਜ਼ਮ ਮੋਹਨ ਤੇ ਕਮਲਾ 15 ਮਈ ਨੂੰ ਲੁਧਿਆਣਾ ਪੁੱਜੇ ਸਨ ਅਤੇ 3 ਜੁਲਾਈ ਦੀ ਰਾਤ ਨੂੰ ਜੋੜੇ ਨੇ ਵਪਾਰੀ ਦੇ ਘਰ ਚੋਰੀ ਕਰ ਲਈ। ਇਸ ਮਗਰੋਂ ਉਹ ਨੇਪਾਲ ਭੱਜ ਗਏ। ਇਸ ਸਬੰਧੀ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਨੇਪਾਲ ਤੋਂ ਗ੍ਰਿਫ਼ਤਾਰ ਕਰਨ ਲਈ ਗ੍ਰਹਿ ਵਿਭਾਗ, ਵਿਦੇਸ਼ ਮੰਤਰਾਲੇ ਸਮੇਤ ਹੋਰਨਾਂ ਵਿਭਾਗਾਂ ਤੋਂ ਜਾਣਕਾਰੀ ਹਾਸਲ ਕਰਨੀ ਹੈ। ਛੇਤੀ ਅਗਲੀ ਕਾਰਵਾਈ ਸ਼ੁਰੂ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।