ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 30 ਜੂਨ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਰਾਬ ਦੀ ਨਵੀਂ ਪਾਲਿਸੀ ਨੂੰ ਲੈ ਕੇ ਸ਼ਰਾਬ ਠੇਕੇਦਾਰਾਂ ਵਿਚਕਾਰ ਰੇੜਕਾ ਤਾਂ ਬਰਕਰਾਰ ਹੀ ਹੈ, ਪਰ ਅੱਜ 30 ਜੂਨ ਨੂੰ ਠੇਕਿਆਂ ਦੀ ਅੰਤਿਮ ਮਿਤੀ ਹੋਣ ਕਾਰਨ ਠੇਕੇਦਾਰਾਂ ਨੇ ਜਿਉਂ ਹੀ ਸਟਾਕ ਖਤਮ ਕਰਨ ਲਈ ਸ਼ਰਾਬ ਦੇ ਰੇਟ ਘਟਾਏ ਤਾਂ ਸ਼ਰਾਬੀ ਵੀ ਬੋਤਲਾਂ ਲੈਣ ਲਈ ਟੁੱਟ ਕੇ ਪੈ ਗਏ। ਅੱਜ ਸਵੇਰ ਤੋਂ ਹੀ ਸ਼ਰਾਬ ਦੇ ਮਾਛੀਵਾੜਾ ਸਰਕਲ, ਹੇਡੋਂ ਅਤੇ ਕੂੰਮਕਲਾਂ ਸਰਕਲ ਵਿੱਚ ਸਟਾਕ ਖਤਮ ਕਰਨ ਲਈ ਠੇਕੇਦਾਰਾਂ ਵੱਲੋਂ ਰੇਟ ਘਟਾ ਦਿੱਤੇ ਗਏ ਜਿਸ ’ਤੇ ‘ਲਾਲ ਪਰੀ’ ਦੇ ਸ਼ੌਕੀਨ ਵੀ ਲਾਈਨਾਂ ’ਚ ਲੱਗੇ ਦਿਖਾਈ ਦਿੱਤੇ। ਅੱਜ ਕਈ ਸ਼ਰਾਬ ਠੇਕਿਆਂ ’ਤੇ ਹਾਲਾਤ ਅਜਿਹੇ ਹੋ ਗਏ ਕਿ ਉੱਥੇ ਸ਼ਰਾਬ ਹੀ ਮੁੱਕ ਗਈ ਜਦਕਿ ਕਈ ਥਾਵਾਂ ’ਤੇ ਕੁਝ ਸਟਾਕ ਬਚਿਆ ਪਿਆ ਸੀ ਜਿੱਥੇ ਸਸਤੀ ਸ਼ਰਾਬ ਨੂੰ ਦੇਖ ਕੇ ਸ਼ੌਕੀਨ ਦੂਜੇ ਠੇਕਿਆਂ ਵੱਲ ਭੱਜਦੇ ਦਿਖਾਈ ਦਿੱਤੇ।
ਦੂਸਰੇ ਪਾਸੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਨਵੀਂ ਪਾਲਿਸੀ ਤਹਿਤ ਮਾਛੀਵਾੜਾ, ਕੂੰਮਕਲਾਂ ਤੇ ਹੇਡੋਂ ਦਾ ਇੱਕ ਸਰਕਲ ਬਣਾ ਦਿੱਤਾ ਗਿਆ ਹੈ ਜਿਸ ਦੀ ਰਿਜ਼ਰਵ ਕੀਮਤ 33 ਕਰੋੜ ਰੁਪਏ ਰੱਖੀ ਗਈ ਹੈ।
ਪਿਛਲੇ ਸਾਲ ਨਾਲੋਂ ਸਰਕਾਰ ਨੇ ਇੱਥੋਂ 8.50 ਕਰੋੜ ਵੱਧ ਮੁਨਾਫ਼ਾ ਕਮਾਉਣ ਦਾ ਟੀਚਾ ਰੱਖਿਆ ਹੈ ਪਰ ਇਸ ਸਰਕਲ ਦੇ ਪਿਛਲੇ ਟੈਂਡਰ ਦੀ ਮਿਤੀ ਦੌਰਾਨ ਕਿਸੇ ਵੀ ਠੇਕੇਦਾਰ ਨੇ ਐਨੇ ਮਹਿੰਗੇ ਭਾਅ ’ਤੇ ਸਰਕਲ ਦਾ ਟੈਂਡਰ ਨਾ ਪਾਇਆ। ਅੱਜ ਦੁਬਾਰਾ 30 ਜੂਨ ਨੂੰ ਦੁਪਹਿਰ 3 ਵਜੇ ਤੱਕ ਮਾਛੀਵਾੜਾ ਸਰਕਲ ਦੇ ਠੇਕੇ ਦੀ ਨਿਲਾਮੀ ਲਈ ਟੈਂਡਰ ਰੱਖਿਆ ਗਿਆ ਹੈ ਅਤੇ ਜੇਕਰ ਅੱਜ ਵੀ ਕਿਸੇ ਠੇਕੇਦਾਰ ਨੇ ਰੁਚੀ ਨਾ ਦਿਖਾਈ ਤਾਂ ਭਲਕੇ ਸ਼ਰਾਬ ਦੇ ਠੇਕੇ ਕੁਝ ਦਿਨਾਂ ਲਈ ਬੰਦ ਵੀ ਹੋ ਸਕਦੇ ਹਨ। ਜੇਕਰ ਠੇਕੇ ਬੰਦ ਰਹੇ ਤਾਂ ਉੱਥੇ ਸਰਕਾਰ ਦਾ ਮਾਲੀਆ ਤਾਂ ਘਟੇਗਾ ਹੀ ਪਰ ਨਾਲ ਹੀ ਜਿਨ੍ਹਾਂ ਨੂੰ ਸਸਤੀ ਸ਼ਰਾਬ ਨਹੀਂ ਮਿਲੀ ਉਨ੍ਹਾਂ ਨੂੰ ਹੁਣ ਦੁਬਾਰਾ ਠੇਕੇ ਖੁੱਲ੍ਹਣ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।