ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਜਨਵਰੀ
ਚੋਣਾਂ ਵਿੱਚ ਡਿਊਟੀ ਦੇਣ ਵਾਲੇ ਅਮਲੇ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਪੱਕਾ ਹੱਲ ਕਰਨ ਲਈ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਮੁੱਖ ਚੋਣ ਅਫਸਰ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ’ਚ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਬਲਕਾਰ ਵਲਟੋਹਾ, ਪ੍ਰੇਮ ਚਾਵਲਾ, ਚਰਨ ਸਿੰਘ ਸਰਾਭਾ, ਗੁਰਪ੍ਰੀਤ ਸਿੰਘ ਮਾੜੀ ਮੇਘਾ, ਨਵੀਨ ਸਚਦੇਵਾ, ਪ੍ਰਵੀਨ ਕੁਮਾਰ ਅਤੇ ਟਹਿਲ ਨੇ ਮੰਗ ਕੀਤੀ ਕਿ ਚੋਣ ਡਿਊਟੀ ਦੇਣ ਵਾਲੇ ਅਮਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਡਿਊਟੀ ਦੌਰਾਨ ਮੌਤ ਹੋਣ, 100 ਫੀਸਦ ਨਕਾਰਾ ਹੋਣ ਦੀ ਸੂਰਤ ਵਿੱਚ ਘੱਟੋ ਘੱਟ 50 ਲੱਖ ਰੁਪਏ ਦੀ ਰਾਸ਼ੀ ਅਤੇ ਜ਼ਖਮੀ ਹੋਣ ’ਤੇ 10 ਲੱਖ ਰੁਪਏ ਦੀ ਰਾਸ਼ੀ ਦੇਣੀ ਯਕੀਨੀ ਬਣਾਈ ਜਾਵੇ। ਇਸੇ ਤਰ੍ਹਾਂ ਚੋਣ ਅਮਲੇ ਨੂੰ ਆਪਣੀ ਵੋਟ ਪਾਉਣ ਦਾ ਹੱਕ ਨਿਭਾਉਣ ਲਈ ਇਲੈਕਸ਼ਨ ਡਿਊਟੀ ਸਰਟੀਫਿਕੇਟ ਜਾਰੀ ਕੀਤਾ ਜਾਵੇ, ਮਹਿਲਾ ਕਰਮਚਾਰੀਆਂ ਦੀ ਪ੍ਰਜ਼ਾਇਡਿੰਗ ਅਫਸਰ ਵਜੋਂ ਡਿਊਟੀ ਨਾ ਲਾਈ ਜਾਵੇ, ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨ ’ਤੇ ਛੱਡਣ ਅਤੇ ਵਾਪਸ ਲੈ ਕੇ ਆਉਣ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ, 14 ਫਰਵਰੀ ਨੂੰ ਚੋਣ ਸਮੱਗਰੀ ਜਮ੍ਹਾਂ ਕਰਵਾਉਣ ਤੋਂ ਬਾਅਦ ਰਾਤ ਸਮੇਂ ਮੁਲਾਜ਼ਮਾਂ ਦੀ ਘਰ ਵਾਪਸੀ ਲਈ ਜ਼ਿਲ੍ਹੇ ਦੇ ਵੱਖ ਵੱਖ ਰੂਟਾਂ ’ਤੇ ਬੱਸਾਂ ਚਲਾਉਣ ਨੂੰ ਯਕੀਨੀ ਬਣਾਇਆ ਜਾਵੇ, ਨੌਕਰੀਸ਼ੁਦਾ ਪਤੀ-ਪਤਨੀ ਵਿੱਚੋਂ ਪਤੀ ਦੀ ਡਿਊਟੀ ਪਹਿਲ ਦੇ ਅਧਾਰ ’ਤੇ ਲਾਈ ਜਾਵੇ ਜਦਕਿ ਔਰਤ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਇਸੇ ਤਰ੍ਹਾਂ ਜਿਨ੍ਹਾਂ ਮੁਲਾਜ਼ਮਾਂ ਦੀ ਸੇਵਾ ਮੁਕਤੀ ਦਾ ਸਮਾਂ ਇੱਕ ਸਾਲ ਜਾਂ ਇਸ ਤੋਂ ਘੱਟ ਰਹਿੰਦਾ ਹੈ, ਨੂੰ ਵੀ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਛੁੱਟੀ ਵਾਲੇ ਦਿਨ ਚੋਣ ਰਿਹਰਸਲਾਂ ਕਰਵਾਈਆਂ ਜਾਂਦੀਆਂ ਹਨ ਤਾਂ ਨਿਯਮਾਂ ਅਨੁਸਾਰ ਬਣਦੀਆਂ ਕਮਾਈ ਛੁੱਟੀਆਂ ਦੇਣੀਆਂ ਯਕੀਨੀ ਬਣਾਈਆਂ ਜਾਣ। ਇਸ ਤੋਂ ਇਲਾਵਾ ਚੋਣ ਡਿਊਟੀ ਲਈ ਮਿਹਨਤਾਨਾਂ ਵੀ ਚੋਣਾਂ ਵਾਲੇ ਦਿਨ ਹੀ ਦਿੱਤੇ ਜਾਣ ਦੀ ਮੰਗ ਕੀਤੀ ਹੈ।