ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਮਾਰਚ
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਆਸਾਂ ਅਤੇ ਉਮੀਦਾਂ ਹਨ ਕਿਉਂਕਿ ਉਨ੍ਹਾਂ ਨੇ ਰਵਾਇਤੀ ਪਾਰਟੀਆਂ ਦੀ ਕਾਰਜਸ਼ੈਲੀ ਤੋਂ ਦੁਖੀ ਅਤੇ ਪ੍ਰੇਸ਼ਾਨ ਹੋ ਕੇ ‘ਆਪ’ ਨੂੰ ਬਹੁਮਤ ਦੇ ਕੇ ਜਿਤਾਇਆ ਹੈ।
ਉਹ ਅੱਜ ਜਾਮਾ ਮਸਜਿਦ ਵਿੱਚ ਪੁੱਜੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਅਤੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਸਨਮਾਨ ਸਮੇਂ ਗੱਲਬਾਤ ਕਰ ਰਹੇ ਸਨ। ਸ਼ਾਹੀ ਇਮਾਮ ਨੇ ਵਿਧਾਇਕਾਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ‘ਆਪ’ ਦੀ ਸਰਕਾਰ ਪੰਜਾਬ ਨੂੰ ਦੇਸ਼ ਦਾ ਸਭ ਤੋਂ ਬਿਹਤਰੀਨ ਸੂਬਾ ਬਣਾਉਣ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰੇ ਕਿਉਂਕਿ ਰਾਜਨੀਤਕ ਪਾਰਟੀਆਂ ਦੀ ਜਿੱਤ ਤੇ ਹਾਰ ਲਈ ਉਨ੍ਹਾਂ ਦੇ ਕਰਮ ਹੀ ਆਧਾਰ ਬਣਦੇ ਹਨ।
ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਦੀ ਸਰਵਧਰਮ ਏਕਤਾ ਹੀ ਭਾਰਤ ਦੀ ਸ਼ਾਨ ਹੈ ਅਤੇ ਹਬੀਬ ਪਰਿਵਾਰ ਇਸ ਦੀ ਮਿਸਾਲ ਹੈ। ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਸ਼ਾਹੀ ਇਮਾਮ ਦੇ ਪਰਿਵਾਰ ਦਾ ਭਾਰਤ ਦੀ ਆਜ਼ਾਦੀ ਦੀ ਲੜਾਈ ’ਚ ਵੱਡਾ ਯੋਗਦਾਨ ਰਿਹਾ ਹੈ। ਮਰਹੂਮ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਪਰਿਵਾਰ ਨੇ ਪੰਜਾਬ ਦੇ ਮੁਸਲਮਾਨਾਂ ਦੀ ਹਮੇਸ਼ਾਂ ਆਵਾਜ ਬੁਲੰਦ ਕੀਤੀ ਹੈ। ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸ਼ਾਹੀ ਇਮਾਮ ਪੰਜਾਬ ਵੱਲੋਂ ਸੂਬੇ ਵਿਚ ਸਰਵਧਰਮ ਏਕਤਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਲੋਕ ਬਹੁਤ ਪ੍ਰਭਾਵਿਤ ਹਨ।