ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਮਈ
ਖੱਬੀਆਂ ਪਾਰਟੀਆਂ ਵੱਲੋਂ ਅੱਜ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਰੋਸ ਮੁਜ਼ਾਹਰਾ ਕਰ ਕੇ ਮੋਦੀ ਸਰਕਾਰ ’ਤੇ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਲੋਕਾਂ ਨੂੰ ਗ਼ਰੀਬੀ ਦੀ ਦਲਦਲ ਵਿੱਚ ਧੱਕਣ ਦਾ ਦੋਸ਼ ਲਗਾਇਆ ਗਿਆ।
ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਐਮਐਲ) ਲਬਿਰੇਸ਼ਨ ਵੱਲੋਂ ਜਗਰਾਓਂ ਪੁਲ ’ਤੇ ਸ਼ਹੀਦਾਂ ਦੇ ਬੁੱਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਇੱਕ ਸਾਂਝੀ ਰੈਲੀ ਕੀਤੀ ਗਈ। ਇਸ ਵਿੱਚ ਵੱਖ ਵੱਖ ਹਿੱਸਿਆਂ ਤੋਂ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਰ ਕੇ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਇਸ ਕਰ ਕੇ ਆਮ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਹੈ। ਇਸ ਤੋਂ ਇਲਾਵਾ ਕੱਚੇ ਮਾਲ ਲੋਹਾ, ਧਾਗਾ, ਕੱਪੜਾ ਅਤੇ ਕੋਲਾ ਆਦਿ ਦੀਆਂ ਕੀਮਤਾਂ ਵੀ ਬੇਕਾਬੂ ਹੋ ਗਈਆਂ ਹਨ।
ਇਸ ਮੌਕੇ ਡੀਪੀ ਮੋੜ, ਡਾ. ਅਰੁਣ ਮਿੱਤਰਾ, ਐਮਐਸ ਭਾਟੀਆ ਅਤੇ ਚਮਕੌਰ ਸਿੰਘ ਨੇ ਕਿਹਾ ਕਿ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦਾ ਮੋਦੀ ਸਰਕਾਰ ’ਤੇ ਕੋਈ ਅਸਰ ਨਹੀਂ ਕਿਉਂਕਿ ਵੋਟਾਂ ਤਾਂ ਉਹ ਫ਼ਿਰਕੂ ਲੀਹਾਂ ਤੇ ਲੋਕਾਂ ਨੂੰ ਵੰਡ ਕੇ ਲੈ ਲੈਂਦੇ ਹਨ। ਉਨ੍ਹਾਂ ਗੁਆਂਢੀ ਮੁਲਕ ਸ੍ਰੀਲੰਕਾ ਦੇ ਹਾਲਾਤ ’ਤੇ ਬੋਲਦਿਆਂ ਕਿਹਾ ਕਿ 20 ਸਾਲ ਪਹਿਲਾਂ ਲੋਕਾਂ ਨੇ ਭਾਰੀ ਬਹੁਮਤ ਨਾਲ ਇਸ ਰਾਸ਼ਟਰਪਤੀ ਨੂੰ ਸੱਤਾ ਵਿੱਚ ਲਿਆਂਦਾ ਸੀ ਅਤੇ ਹੁਣ ਉਹੀ ਲੋਕ ਦੇਸ਼ ਵਿੱਚ ਵਧ ਰਹੀ ਮਹਿੰਗਾਈ ਅਤੇ ਬੇਕਾਰੀ ਕਰ ਕੇ ਉਸ ਨੂੰ ਸੱਤਾ ਤੋਂ ਹਟਾਉਣ ਲਈ ਅੰਦੋਲਨ ਕਰ ਰਹੇ ਹਨ।
ਰੈਲੀ ਵਿੱਚ ਮੰਗ ਕੀਤੀ ਗਈ ਕਿ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਜਿਹੜੇ ਲੋਕਾਂ ਦੀ ਇਨਕਮ ਟੈਕਸ ਦੇਣ ਯੋਗ ਆਮਦਨ ਨਹੀਂ ਹੈ, ਉਨ੍ਹਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਸਰਕਾਰ ਦੇਵੇ, ਸ਼ਹਿਰੀ ਰੁਜ਼ਗਾਰ ਦੀ ਯੋਜਨਾ ਬਣਾਈ ਜਾਵੇ, ਮਨਰੇਗਾ ਨੂੰ ਦਿੱਤਾ ਜਾਣ ਵਾਲਾ ਪੈਸਾ ਵਧਾਇਆ ਜਾਵੇ ਅਤੇ ਮਨਰੇਗਾ ਕਾਮਿਆਂ ਦੀ ਦਿਹਾੜੀ ਵਿੱਚ ਵਾਧਾ ਕੀਤਾ ਜਾਵੇ।
ਇਸ ਮੌਕੇ ਗੁਲਜ਼ਾਰ ਪੰਧੇਰ, ਕੇਵਲ ਸਿੰਘ ਬਨਵੈਤ, ਕਾਮਰੇਡ ਸ਼ਫੀਕ, ਕਾਮਰੇਡ ਰਫੀਕ ਅਤੇ ਡਾ. ਵਿਨੋਦ ਸਣੇ ਕਈ ਆਗੂ ਹਾਜ਼ਰ ਸਨ।