ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਫਰਵਰੀ
ਬੰਦ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੇ ਚੋਰ ਗਰੋਹ ਦੇ ਦੋ ਮੈਂਬਰਾਂ ਨੇ ਹੈਬੋਵਾਲ ਦੇ ਸੰਧੂ ਨਗਰ ਇਲਾਕੇ ’ਚ ਇੱਕ ਬੰਦ ਘਰ ਨੂੰ ਨਿਸ਼ਾਨਾ ਬਣਾਇਆ ਹੈ। ਚੋਰ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਗਏ। ਘਰ ਦਾ ਤਾਲਾ ਤੋੜ ਕੇ ਚੋਰਾਂ ਨੇ ਘਰ ਦਾ ਸਾਮਾਨ ਖਿਲਾਰ ਦਿੱਤਾ ਤੇ ਅੰਦਰ ਪਏ 17 ਹਜ਼ਾਰ ਕੈਸ਼, ਇੱਕ ਐਲਈਡੀ ਤੇ ਹੋਰ ਜ਼ਰੂਰੀ ਕਾਗਜ਼ਾਤ ਲੈ ਗਏ। ਘਟਨਾ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਘਰ ਮਾਲਕ ਦੇ ਰਿਸ਼ਤੇਦਾਰ ਨੀਂਦ ’ਚੋਂ ਜਾਗੇ। ਤਾਲੇ ਟੁੱਟੇ ਦੇਖ ਕੇ ਉਨ੍ਹਾਂ ਨੇ ਤੁਰੰਤ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਦੇ ਅਧੀਨ ਆਉਂਦੀ ਚੌਂਕੀ ਜਗਤਪੁਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।