ਜਸਬੀਰ ਸ਼ੇਤਰਾ
ਜਗਰਾਉਂ, 3 ਮਈ
ਸਥਾਨਕ ਥਾਣਾ ਸਿਟੀ ਅੱਗੇ ਕੁਲਵੰਤ ਕੌਰ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਧਰਨਾ 42ਵੇਂ ਦਿਨ ਜਾਰੀ ਰਿਹਾ। ਇਸੇ ਦੌਰਾਨ ਕੁਲਵੰਤ ਕੌਰ ਦੀ 75 ਸਾਲਾ ਮਾਤਾ ਸੁਰਿੰਦਰ ਕੌਰ ਅੱਜ 35ਵੇਂ ਦਿਨ ਵੀ ਲੜੀਵਾਰ ਭੁੱਖ ਹੜਤਾਲ ’ਤੇ ਬੈਠੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਨੇ ਕਿਹਾ ਕਿ ਨਵ ਨਿਯੁਕਤ ਭਗਵੰਤ ਮਾਨ ਸਰਕਾਰ ਨਾ ਤਾਂ ਬਰਗਾੜੀ ਮੋਰਚੇ ਨੂੰ ਇਨਸਾਫ਼ ਦੇ ਸਕੀ ਹੈ ਅਤੇ ਨਾ ਹੀ ਕਥਿਤ ਪੁਲੀਸ ਤਸ਼ੱਦਦ ਦਾ ਸ਼ਿਕਾਰ ਰਸੂਲਪੁਰ ਦੀ ਗਰੀਬ ਧੀ ਨੂੰ ਇਨਸਾਫ਼ ਦੇ ਸਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕ ਬਣਨ ਤੋਂ ਪਹਿਲਾਂ ਧਰਨੇ ’ਚ ਪਹੁੰਚ ਕੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੀ ਚੁੱਪੀ ਵੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਅੱਜ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸਾਧੂ ਸਿੰਘ, ਮਨੋਹਰ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਆਗੂ ਮਦਨ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਸਾਬਕਾ ਅਧਿਆਪਕ ਆਗੂ ਹਰਬੰਸ ਲਾਲ ਨੇ ਵੀ ਸੰਬੋਧਨ ਕੀਤਾ ਅਤੇ ਸੰਗੀਨ ਧਾਰਾਵਾਂ ਤਹਿਤ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮੰਗੀ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਹਰਜਿੰਦਰ ਸਿੰਘ ਗੁੜੇ, ਰਾਮਤੀਰਥ ਸਿੰਘ, ਜਗਸੀਰ ਸਿੰਘ ਢਿੱਲੋਂ, ਜਥੇਦਾਰ ਬੰਤਾ ਸਿੰਘ ਡੱਲਾ, ਹਰੀ ਸਿੰਘ ਚਚਰਾੜੀ, ਦਲਜੀਤ ਸਿੰਘ ਕਲਸੀ, ਹਰਜਿੰਦਰ ਕੌਰ, ਕਮਲਜੀਤ ਕੌਰ ਆਦਿ ਵੀ ਧਰਨੇ ’ਚ ਹਾਜ਼ਰ ਸਨ।