ਖੇਤਰੀ ਪ੍ਰਤੀਨਿਧ
ਲੁਧਿਆਣਾ 29 ਜੂਨ
ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੇ ਕੌਮੀ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੇ ਹਾਕੀ ਖਿਡਾਰੀ ਜੋਗਿੰਦਰ ਸਿੰਘ, ਜਿਸ ਨੂੰ ਰੇਲਵੇ ਵਿਭਾਗ ਨੇ ਟੀਸੀ ਦੇ ਅਹੁਦੇ ਦੀ ਨੌਕਰੀ ਪ੍ਰਦਾਨ ਕੀਤੀ ਹੈ, ਦਾ ਅੱਜ ਜਰਖੜ ਸਟੇਡੀਅਮ ਵਿੱਚ ਪੁੱਜਣ ’ਤੇ ਜਰਖੜ ਅਕੈਡਮੀ ਦੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਜੋਗਿੰਦਰ ਸਿੰਘ ਨੂੰ ਸਿਰੋਪਾਓ, ਬੁੱਕੇ ਅਤੇ ਬਹੁਕੀਮਤੀ ਸਾਈਕਲ ਦੇ ਕੇ ਸਨਮਾਨਿਤ ਕੀਤਾ। ਜਗਰੂਪ ਨੇ ਆਖਿਆ ਕਿ ਜੋਗਿੰਦਰ ਸਿੰਘ ਪਿਛਲੇ 8 ਸਾਲ ਤੋਂ ਅਕੈਡਮੀ ਵਿੱਚ ਸਿਖਲਾਈ ਲੈ ਰਿਹਾ ਸੀ। ਉਹ ਬਹੁਤ ਹੀ ਹੋਣਹਾਰ, ਅਨੁਸ਼ਾਸਨਬੱਧ, ਇਮਾਨਦਾਰ ਅਤੇ ਸਖ਼ਤ ਮਿਹਨਤ ਕਰਨ ਵਾਲਾ ਖਿਡਾਰੀ ਹੈ। ਜਰਖੜ ਹਾਕੀ ਅਕੈਡਮੀ ਵੱਲੋਂ ਉਹ ਸਕੂਲੀ ਨੈਸ਼ਨਲ ਅਤੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਪੱਧਰ ’ਤੇ ਖੇਡਿਆ ਹੈ। ਖਿਡਾਰੀ ਜੋਗਿੰਦਰ ਸਿੰਘ ਨੇ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਕੋਚ ਗੁਰਸਤਿੰਦਰ ਸਿੰਘ ਪਰਗਟ ਅਤੇ ਹਰਮਿੰਦਰ ਪਾਲ ਸਿੰਘ ਨੂੰ ਦਿੱਤਾ।