ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੁਲਾਈ
ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਲੁਧਿਆਣਾ ਵੱਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਵਿੱਚ ਜੁਲਾਈ ਮਹੀਨੇ ਦੇ ਇਨਕਲਾਬੀ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੈਮੀਨਾਰ ਦੇ ਮੁੱਖ ਬੁਲਾਰੇ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਭਾਜਪਾ ਦੀ ਫ਼ਿਰਕੂ ਤੇ ਫਾਸ਼ੀਵਾਦੀ ਵਿਚਾਰਧਾਰਾ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹਿੰਦੂ ਤਬਕੇ ਵਿੱਚ ਡਰ ਪੈਦਾ ਕਰ ਕੇ ਇਹ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਅਤੇ ਹਿੰਦੂ ਧਰਮ ਭਾਜਪਾ ਦੇ ਰਾਜ ਵਿੱਚ ਹੀ ਸੁਰੱਖਿਅਤ ਹਨ। ਦੂਜੇ ਪਾਸੇ, ਉਸ ਵੱਲੋਂ ਹੋਰ ਘੱਟ ਗਿਣਤੀਆਂ, ਮੁਸਲਮਾਨਾਂ ਤੇ ਦਲਿਤਾਂ ਨਾਲ ਦੁਸ਼ਮਣੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਇੱਕ ਪਾਸੇ ਸਾਈਬਾਬਾ, ਗੌਤਮ ਨਵਲੱਖਾ, ਤੀਸਤਾ ਸੀਤਲਵੜ ਵਰਗੇ ਲੋਕ-ਪੱਖੀ ਬੁੱਧੀਜੀਵੀਆਂ ਨੂੰ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ, ਦੂਜੇ ਪਾਸੇ ਸਰਕਾਰ ਦੇ ਕਥਿਤ ਹਮਾਇਤੀਆਂ ਨੂੰ ਆਪਣੇ ਅਪਰਾਧ ਕਬੂਲ ਲੈਣ ’ਤੇ ਖੁੱਲ੍ਹਾ ਛੱਡਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਝੂਠ ਨੂੰ ਸੌ ਵਾਰ ਬੋਲ ਕੇ ਉਸ ਨੂੰ ਸੱਚ ਬਣਾਉਣ ’ਚ ਲੱਗੀ ਹੋਈ ਹੈ। ਸੋਸ਼ਲ ’ਤੇ ਸਰਕਾਰ ਪੱਖੀ ਮੀਡੀਆ ਰਾਹੀਂ ਫ਼ਿਰਕੂ ਨਫ਼ਰਤ ਅਤੇ ਹਿੰਸਾ ਫੈਲਾਅ ਕੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਝੂਠੇ ਕੇਸਾਂ ਅਤੇ ਧਮਕੀਆਂ ਰਾਹੀਂ ਖ਼ਾਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਮੰਚਾਂ ਤੋਂ ਹਥਿਆਰ ਚੁੱਕਣ, ਕਤਲੇਆਮ ਆਦਿ ਦੇ ਸੱਦੇ ਦੇਣ ਵਾਲਿਆਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਬੁਲਾਰਿਆਂ ਨੇ ਸਾਰੀਆਂ ਲੋਕ-ਪੱਖੀ ਸ਼ਕਤੀਆਂ ਨੂੰ ਇਕੱਠੇ ਹੋ ਕੇ ਫ਼ਿਰਕੂ ਫਾਸ਼ੀਵਾਦ ਦਾ ਟਾਕਰਾ ਤੇ ਅਧਿਕਾਰਾਂ ਦੀ ਰਾਖੀ ਕਰਨ ਦਾ ਸੱਦਾ ਦਿੱਤਾ।
ਇਸ ਸਮੇਂ ਸਰਵਸੰਮਤੀ ਨਾਲ ਮਤਾ ਪਾਸ ਕਰ ਕੇ ਬੁੱਧੀਜੀਵੀਆਂ, ਪੱਤਰਕਾਰਾਂ, ਆਲੋਚਕਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਸਟੇਜ ਸੰਚਾਲਨ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਨਿਭਾਇਆ।