ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਦਸੰਬਰ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ-41 ਵਿਚ ਸੰਤ ਰਾਮ ਸੇਠੀ ਤੋਂ ਗਿੱਲ ਰੋਡ ਤੱਕ ਐੱਮਐੱਲਏ ਕੋਟੇ ਵਿਚੋਂ 33 ਲੱਖ ਦੀ ਲਾਗਤ ਨਾਲ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਇਲਾਕਾ ਕੌਂਸਲਰ ਸਿਕੰਦਰ ਸਿੰਘ ਪੰਨੂ ਵੀ ਮੌਜੂਦ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਆਪਣੇ ਹਲਕੇ ਦਾ ਵਿਕਾਸ ਕਰਵਾ ਕੇ ਉਹ ਕਿਸੇ ’ਤੇ ਅਹਿਸਾਨ ਨਹੀਂ ਕਰ ਰਹੇ, ਸਗੋਂ ਵਿਕਾਸ ਕਰਵਾਉਣਾ ਤਾਂ ਲੋਕ ਨੁਮਾਇੰਦਿਆ ਦਾ ਫਰਜ਼ ਬਣਦਾ ਹੈ ਅਤੇ ਜਿਹੜਾ ਨੁਮਾਇੰਦਾ ਆਪਣੇ ਫਰਜ਼ ਤੋਂ ਕੁਤਾਹੀ ਕਰਦਾ ਹੈ, ਉਸ ਨੂੰ ਲੋਕ ਨਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਲਕਿਆਂ ਦੇ ਵੋਟਰਾ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮਾਣ ਬਖਸ਼ਿਆ ਹੈ, ਉਨ੍ਹਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਵੀ ਇਲਾਕਾ ਵਾਸੀਆ ਦੇ ਹੱਕਾ ਦੀ ਰਾਖੀ ਕਰਦੇ ਹੋਏ, ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ। ਇਸ ਮੌਕੇ ਇਲਾਕਾ ਵਾਸੀਆਂ ਨੇ ਵਿਕਾਸ ਕਾਰਜ ਆਰੰਭ ਕਰਵਾਉਣ ’ਤੇ ਵਿਧਾਇਕ ਬੈਂਸ ਦਾ ਧੰਨਵਾਦ ਕੀਤਾ। ਇਸ ਮੌਕੇ ਹਰਜੋਤ ਸਿੰਘ ਕੰਗ, ਰਾਜਾ, ਸਵਰਨ ਸਿੰਘ ਮੱਕੜ, ਪ੍ਰਵੀਨ ਗੋਇਲ, ਮੁਨੀਸ਼ ਪੁੰਜ, ਅਮਰੀਕ ਸਿੰਘ, ਰਾਜੇਸ਼ ਖੋਖਰ, ਜਗਮੋਹਨ ਸਿੰਘ ਸੇਠੀ, ਮੋਹਨ ਸਿੰਘ ਆਦਿ ਮੌਜੂਦ ਸਨ।