ਦੇਵਿੰਦਰ ਸਿੰਘ ਜੱਗੀ
ਪਾਇਲ, 5 ਅਕਤੂਬਰ
ਪ੍ਰਾਚੀਨ ਮਹਾਂਦੇਵ ਮੰਦਰ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਰਾਧਾ ਕ੍ਰਿਸ਼ਨ ਗਊਸ਼ਾਲਾ ਅੱਗੇ ਸੜਕ ’ਤੇ ਸੀਵਰੇਜ ਦਾ ਪਾਣੀ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਿਹਾ ਹੈ ਜਿੱਥੇ 4 ਕਰੋੜ ਰੁਪਏ ਨਾਲ ਬਣਿਆ ਟਰੀਟਮੈਂਟ ਪਲਾਂਟ ਚਿੱਟਾ ਹਾਥੀ ਬਣਿਆ ਖੜ੍ਹਾ ਹੈ। ਗਊਸ਼ਾਲਾ ਦੇ ਪ੍ਰਬੰਧਕ ਸਤੀਸ਼ ਕੁਮਾਰ, ਜੰਗ ਸਿੰਘ ਤੇ ਨਰਾਇਣ ਸਿੰਘ ਨੇ ਦੱਸਿਆ ਕਿ ਸੀਵਰੇਜ ਸਿਸਟਮ ਫੇਲ੍ਹ ਹੋ ਚੁੱਕਿਆ ਹੈ, ਉਲਟ ਦਿਸ਼ਾ ਵਿੱਚ ਲੱਗਿਆ ਹੋਣ ਕਾਰਨ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਆ ਜਾਂਦਾ ਹੈ। ਮਹਾਂਦੇਵ ਮੰਦਰ ਜਾਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਸੈਰ ਕਰਨ ਵਾਲੇ ਅਤੇ ਗਊਸ਼ਾਲਾ ਤੋਂ ਦੁੱਧ ਲੈਣ ਵਾਲੇ ਲੋਕਾਂ ਦਾ ਗੰਦੇ ਪਾਣੀ ਨੇ ਲੰਘਣਾ ਮੁਸ਼ਕਲ ਕੀਤਾ ਪਿਆ ਹੈ। ਼ਨਗਰ ਕੌਂਸਲ ਦੇ ਅਧਿਕਾਰੀ ਮੋਹਣ ਸਿੰਘ ਔਜਲਾ ਨੇ ਕਿਹਾ ਕਿ ਗਲਾਡਾ ਕੰਪਨੀ ਵੱਲੋਂ ਸੀਵਰੇਜ ਪਾਇਆ ਗਿਆ ਸੀ ਜਿਸ ਨੂੰ ਮੁਕੰਮਲ ਕਰ ਕੇ ਨਗਰ ਕੌਂਸਲ ਰਾਹੀਂ ਪੰਜਾਬ ਵਾਟਰ ਸੀਵਰੇਜ ਬੋਰਡ ਨੂੰ ਦੇਣਾ ਸੀ ਪਰ ਗਲਾਡਾ ਨੇ ਚਾਰਜ ਨਹੀਂ ਦਿੱਤਾ ਜਿਸ ਕਰਕੇ ਸਮੱਸਿਆ ਆ ਰਹੀ ਹੈ ਕਿਉਂਕਿ ਸੀਵਰੇਜ ਸਿਸਟਮ ਨੂੰ ਚਲਾਉਣ ਲਈ ਮੁਲਾਜ਼ਮ ਤਾਇਨਾਤ ਹੋਣਗੇ, ਜੋ ਅਜੇ ਤਾਇਨਾਤ ਨਹੀਂ ਹੋਏ ਹਨ।