ਗੁਰਿੰਦਰ ਸਿੰਘ
ਲੁਧਿਆਣਾ, 22 ਜੂਨ
ਪਾਵਰਕੌਮ ਵੱਲੋਂ ਡੇਢ ਮਹੀਨੇ ਦਾ ਬਿਜਲੀ ਬਿੱਲ ਅਗਾਊਂ ਜਮ੍ਹਾਂ ਕਰਾਉਣ ਦੇ ਹੁਕਮਾਂ ਵਿਰੁੱਧ ਸਨਅਤਕਾਰਾਂ ਨੇ 24 ਜੂਨ ਨੂੰ ਜਨਤਾ ਨਗਰ ਡਵੀਜ਼ਨ ਬਾਹਰ ਧਰਨਾ ਲਾ ਕੇ ਇਸ ਨਾਦਰਸ਼ਾਹੀ ਫੁਰਮਾਨ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਅੱਜ ਇੱਥੇ ਸਮਾਲ ਸਕੇਲ ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਪਾਵਰਕੌਮ ਵੱਲੋਂ ਸਨਅਤਕਾਰਾਂ ਨੂੰ ਮਾਸਿਕ ਬਿੱਲਾਂ ਦੇ ਨਾਲ ਨਾਲ ਡੇਢ ਮਹੀਨੇ ਦੇ ਅਗਾਊਂ ਬਿੱਲ ਵੀ ਭੇਜੇ ਗਏ ਹਨ ਅਤੇ ਜੋ 15 ਦਿਨਾਂ ਵਿੱਚ ਜਮਾਂ ਕਰਾਉਣ ਦੇ ਹੁਕਮ ਦਿੱਤੇ ਗਏ ਹਨ। ਪਾਵਰਕੌਮ ਵੱਲੋਂ ਇਹ ਹੁਕਮ ਵੀ ਦਿੱਤਾ ਗਿਆ ਹੈ ਕਿ ਜਿਹੜੇ ਸਨਅਤਕਾਰ ਇਹ ਅਦਾਇਗੀ ਮਿੱਥੇ ਸਮੇਂ ਵਿੱਚ ਨਹੀਂ ਕਰਨਗੇ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਵੱਲੋਂ ਮੰਦੀ ਦੇ ਦੌਰ ਲੰਘ ਰਹੀ ਛੋਟੀ ਇੰਡਸਟਰੀ ’ਤੇ ਨਾਜਾਇਜ਼ ਬੋਝ ਪਾਇਆ ਗਿਆ ਹੈ। ਠੁਕਰਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਫ਼ੈਸਲਾ ਵਾਪਸ ਨਾ ਲਿਆ ਤਾਂ ਸਮੁੱਚੀ ਇੰਡਸਟਰੀ ਸੜਕਾਂ ’ਤੇ ਉਤਰ ਕੇ ਵਿਰੋਧ ਕਰੇਗੀ।