ਗੁਰਿੰਦਰ ਸਿੰਘ
ਲੁਧਿਆਣਾ, 4 ਸਤੰਬਰ
ਇਥੇ ਵੱਖ-ਵੱਖ ਇਲਾਕਿਆਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਿਕ ਬੀਤੇ 24 ਘੰਟਿਆਂ ਦੌਰਾਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਚਾਰ ਔਰਤਾਂ ਸਮੇਤ ਪੰਜ ਜਣਿਆਂ ਦੇ ਮੋਬਾਈਲ ਫੋਨ, ਪਰਸ ਅਤੇ ਸੋਨੇ ਦੀਆਂ ਚੇਨੀਆਂ ਲੁੱਟ ਕੇ ਫਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਨੂੰ ਗੁਰਦੇਵ ਨਗਰ ਵਾਸੀ ਮਹੇਸ਼ ਬਾਂਸਲ ਨੇ ਦੱਸਿਆ ਕਿ ਉਸ ਦੀ ਪਤਨੀ ਅਨੁਰਾਧਾ ਬਾਂਸਲ ਅਤੇ ਧੀ ਵੈਸ਼ਨਵੀ ਸ਼ਾਮ ਸਮੇਂ ਸੈਰ ਕਰਦਿਆਂ ਕਿਪਸ ਮਾਰਕੀਟ ਜਾ ਰਹੀਆਂ ਸਨ। ਉਹ ਟੀ ਹੱਟ ਨੇੜਲੀ ਗਲੀ ਕੋਲ ਪੁੱਜੀਆਂ ਤਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਕੇ ਜਬਰੀ ਸੋਨੇ ਦੀਆਂ ਚੇਨੀਆਂ ਲਾਹ ਲਈਆਂ। ਇਸੇ ਤਰ੍ਹਾਂ ਸਲੇਮ ਟਾਬਰੀ ਦੀ ਪੁਲੀਸ ਨੂੰ ਸਬਜ਼ੀ ਮੰਡੀ ਜੋਧੇਵਾਲ ਵਾਸੀ ਕੁਲਵੰਤ ਕੌਰ ਨੇ ਦੱਸਿਆ ਕਿ ਸ਼ਾਮ ਸਮੇਂ ਮਸਕੀਨ ਨਗਰ ਕੋਲ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਹੱਥ ਵਿੱਚ ਫੜਿਆ ਝੋਲਾ ਅਤੇ ਮੋਬਾਈਲ ਫੋਨ ਖੋਹ ਲਿਆ। ਥਾਣਾ ਦੁੱਗਰੀ ਦੀ ਪੁਲੀਸ ਨੂੰ ਸੋਨੀਆ ਅਰੋੜਾ ਵਾਸੀ ਜੇਜੇ ਐਨਕਲੇਵ ਫੇਸ ਤਿੰਨ ਦੁੱਗਰੀ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਸੈਰ ਕਰ ਰਹੀ ਸੀ ਤਾਂ ਆਰਮੀ ਫਲੈਟਾਂ ਕੋਲ ਦੋ ਨਾਮਾਲੂਮ ਮੋਟਰਸਾਈਕਲ ਸਵਾਰ ਨੌਜਵਾਨ ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਸਰਪੰਚ ਕਲੋਨੀ ਜਮਾਲਪੁਰ ਵਾਸੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਫੇਜ਼-8 ਫੋਕਲ ਪੁਆਇੰਟ ਨੇੜੇ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਮੋਬਾਈਲ ਅਤੇ ਪਰਸ ਖੋਹ ਲਿਆ। ਪੁਲੀਸ ਨੇ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰ ਲਏ ਹਨ।
ਵੱਖ-ਵੱਖ ਥਾਵਾਂ ਤੋਂ 11 ਦੁਪਹੀਆ ਵਾਹਨ ਚੋਰੀ
ਲੁਧਿਆਣਾ: ਇਥੇ ਪਿਛਲੇ ਚੌਵੀ ਘੰਟਿਆਂ ਦੌਰਾਨ ਵੱਖ-ਵੱਖ ਇਲਾਕਿਆਂ ਵਿੱਚ 11 ਦੁਪਹੀਆ ਵਾਹਨ ਚੋਰੀ ਹੋ ਗਏ ਹਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਡਿਪਟੀ ਕਮਿਸ਼ਨਰ ਦੀ ਰਖ ਬਾਗ ਸਥਿਤ ਕੋਠੀ ਦੇ ਸਾਹਮਣਿਓਂ ਸੁਨੀਲ ਕੁਮਾਰ ਵਾਸੀ ਛਾਉਣੀ ਬੱਲੀ ਦਾ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਨਵੀਂ ਕਚਹਿਰੀ ਦੇ ਪਿਛਲੇ ਪਾਸਿਓਂ ਵੀ ਸੁਮਿਤ ਕੁਮਾਰ ਵਾਸੀ ਗੁਰੂ ਅਰਜਨ ਦੇਵ ਨਗਰ, ਰਾਹੁਲ ਨਾਗਪਾਲ ਵਾਸੀ ਭਾਈ ਹਿੰਮਤ ਸਿੰਘ ਨਗਰ ਅਤੇ ਸ਼ਮਸ਼ੇਰ ਸਿੰਘ ਵਾਸੀ ਪਿੰਡ ਪੰਧੇਰ ਖੇੜੀ ਦਾ ਮੋਟਰਸਾਈਕਲ ਚੋਰੀ ਹੋਈ ਹੋਇਆ ਹੈ। ਇਸ ਤਰ੍ਹਾਂ ਥਾਣਾ ਕੋਤਵਾਲੀ ਦੇ ਇਲਾਕੇ ਮਾਤਾ ਰਾਣੀ ਚੌਕ ਸਥਿਤ ਹੋਟਲ ਸਿਟੀਜ਼ਨ ਦੇ ਬਾਹਰੋਂ ਅਮਨਪ੍ਰੀਤ ਸਿੰਘ ਵਾਸੀ ਬਾਵਾ ਕਲੋਨੀ ਦਾ ਸਪਲੈਂਡਰ ਮੋਟਰਸਾਈਕਲ, ਸਰਾਭਾ ਨਗਰ ਥਾਣੇ ਵਿੱਚ ਪੈਂਦੇ ਪਿੰਡ ਬਾੜੇਵਾਲ ਅਵਾਣਾ ਵਿੱਚੋਂ ਲਵ ਕੁਸ਼ ਯਾਦਵ ਵਾਸੀ ਸਿੰਗਪੁਰਾ ਕਲੋਨੀ ਦਾ ਮੋਟਰਸਾਈਕਲ, ਗੁਰਦੁਆਰਾ ਨਾਨਕਸਰ ਫ਼ਿਰੋਜ਼ਪੁਰ ਰੋਡ ਬਾਹਰੋਂ ਅਨਿਲ ਕੁਮਾਰ ਵਾਸੀ ਨਿਊ ਟੈਗੋਰ ਨਗਰ ਦਾ ਮੋਟਰਸਾਈਕਲ, ਮੋਤੀ ਨਗਰ ਥਾਣੇ ਦੇ ਇਲਾਕੇ ਕੁਇਕ ਸੇਫ ਲੋਜਿਸਟਿਕਸ ਟਰਾਂਸਪੋਰਟ ਦੇ ਬਾਹਰੋਂ ਰਾਜਵੇਸ਼ ਪਾਂਡੇ ਵਾਸੀ ਰਮਨਦੀਪ ਕਲੋਨੀ ਮੁੰਡੀਆ ਕਲਾਂ ਦਾ ਮੋਟਰਸਾਇਕਲ, ਐਮਆਈਜੀ ਫਲੈਟ ਜਮਾਲਪੁਰ ਰਹਿੰਦੇ ਜਸਪਾਲ ਸਿੰਘ ਦੇ ਘਰ ਬਾਹਰੋਂ ਸਪਲੈਂਡਰ ਮੋਟਰਸਾਈਕਲ ਅਤੇ ਮੁਸਲਿਮ ਕਲੋਨੀ ਸਥਿਤ ਸਰਦਾਰਾਂ ਦੇ ਵਿਹੜੇ ਬਾਹਰੋਂ ਮਨੀਸ਼ ਕੁਮਾਰ ਵਾਸੀ ਸ਼ੇਰਪੁਰ ਕਲਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ। ਪੁਲੀਸ ਨੇ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕੀਤਾ ਹੈ।