ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜੂਨ
ਥਾਣਾ ਕੋਤਵਾਲੀ ਦੇ ਇਲਾਕੇ ਗੁੜ ਮੰਡੀ ਵਿੱਚ ਇਕ ਦੁਕਾਨ ’ਤੇ ਸਾਮਾਨ ਖ਼ਰੀਦ ਰਹੇ ਗਾਹਕ ਦਾ ਦੋ ਨੌਜਵਾਨ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਸੁਭਾਸ਼ ਨਗਰ ਗਲੀ ਨੰਬਰ 4 ਵਾਸੀ ਝੁੱਗੀ ਲਾਲ ਨੇ ਦੱਸਿਆ ਹੈ ਕਿ ਉਹ ਗੁੜ ਮੰਡੀ ਵਿਚ ਰਾਸ਼ਨ ਲੈਣ ਲਈ ਆਇਆ ਸੀ ਤਾਂ ਦੋ ਲੜਕੇ ਜੋ ਇੱਕ ਦੂਜੇ ਨੂੰ ਗੌਰਵ ਅਤੇ ਗੋਪਾਲ ਨਾਮ ਨਾਲ ਬੁਲਾ ਰਹੇ ਸਨ, ਨੇ ਧੱਕਾ ਮਾਰ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਇਕ ਹੋਰ ਮਾਮਲੇ ਵਿੱਚ ਥਾਣਾ ਡਵੀਜ਼ਨ ਨੰ. ਦੋ ਦੀ ਪੁਲੀਸ ਨੂੰ ਵਿਸਾਖਾ ਕਲੋਨੀ ਢੰਡਾਰੀ ਖੁਰਦ ਵਾਸੀ ਉਪਿੰਦਰ ਯਾਦਵ ਨੇ ਦੱਸਿਆ ਹੈ ਕਿ ਉਹ ਦੁਪਹਿਰ ਸਮੇਂ ਨਾਹਰ ਓਸਵਾਲ ਇੰਡਸਟਰੀ ਏਰੀਆ ਤੋਂ ਕੱਪੜਾ ਖਰੀਦ ਕੇ ਪੈਦਲ ਹੀ ਚੀਮਾ ਚੌਕ ਵੱਲ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਮੋਟਰਸਾਈਕਲ ਨੰਬਰ ਪੀਬੀ 10 ਜੀਪੀ 1454 ’ਤੇ ਫ਼ਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੂੰ ਨਿਊ ਕੁੰਦਨਪੁਰੀ ਵਾਸੀ ਫਾਰੂਕ ਨੇ ਦੱਸਿਆ ਹੈ ਕਿ ਉਸ ਦੀ ਗਲੀ ਨੰਬਰ 9 ਨਿਊ ਕੁੰਦਨਪੁਰੀ ਵਿੱਚ ਹੇਅਰ ਡ੍ਰੈਸਰ ਦੀ ਦੁਕਾਨ ਹੈ। ਦੁਕਾਨ ’ਤੇ ਸਲੇਮ ਟਾਬਰੀ ਵਾਸੀ ਬਬਲੂ ਆਇਆ ਅਤੇ ਉਸ ਕੋਲੋਂ ਉਧਾਰ ਪੈਸੇ ਮੰਗਣ ਲੱਗ ਪਿਆ ਜਦੋਂ ਉਸ ਨੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਹ ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਬਬਲੂ ਨੂੰ ਕਾਬੂ ਕਰ ਕੇ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ।