ਗਗਨਦੀਪ ਅਰੋੜਾ
ਲੁਧਿਆਣਾ, 26 ਅਗਸਤ
ਨਵੇਂ ਪੁਲੀਸ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਤਿੰਨ ਦਿਨ ਤੋਂ ਸੜਕਾਂ ’ਤੇ ਦੌੜ ਰਹੀ ਲੁਧਿਆਣਾ ਪੁਲੀਸ ਨੂੰ ਲੁਟੇਰਿਆਂ ਨੇ ਉਸ ਵੇਲੇ ਖੁੱਲ੍ਹਾ ਚੈਲੰਜ ਦੇ ਦਿੱਤਾ, ਜਦੋਂ ਵੱਡੀ ਗਿਣਤੀ ’ਚ ਪੁਲੀਸ ਫੋਰਸ ਬੱਸ ਅੱਡੇ ’ਤੇ ਸਰਚ ਮੁਹਿੰਮ ਚਲਾ ਰਹੀ ਸੀ ਤੇ ਤਿੰਨ ਲੁਟੇਰਿਆਂ ਨੇ ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ’ਚ ਗੰਨ ਪੁਆਇੰਟ ’ਤੇ ਗੱਡੀ ਲੁੱਟ ਲਈ। ਕਾਰ ਮਾਲਕ ਆਪਣੇ 2 ਸਾਲ ਦੇ ਲੜਕੇ ਨਾਲ ਦੁੱਧ ਦੀ ਦੁਕਾਨ ’ਤੇ ਗਿਆ ਸੀ। ਲੁਟੇਰਿਆਂ ਨੇ ਉਸਦੀ ਪਤਨੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਤੇ ਬਰੀਜ਼ਾ ਕਾਰ ਲੁੱਟ ਕੇ ਫ਼ਰਾਰ ਹੋ ਗਏ। ਕਾਰ ਮਾਲਕ ਸੌਰਭ ਨੇ ਰਾਹਗੀਰ ਦੀ ਐਕਟਿਵਾ ਲੈ ਕੇ ਮੁਲਜ਼ਮਾਂ ਦਾ ਪਿੱਛਾ ਕੀਤਾ ਪਰ ਮੁਲਜ਼ਮ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। ਹੈਰਾਨੀ ਦੀ ਗੱਲ ਹੈ ਕਿ 24 ਘੰਟੇ ਪਹਿਲਾਂ ਨਵੇਂ ਪੁਲੀਸ ਕਮਿਸ਼ਨਰ ਦੀ ਅਗਵਾਈ ’ਚ ਕਮਿਸ਼ਨਰੇਟ ਪੁਲੀਸ ਨੇ ਮੌਕ ਡਰਿੱਲ ਕਰ ਆਪਣੀ ਸ਼ਕਤੀ ਦਿਖਾਈ ਸੀ। ਇੱਧਰ ਪੁਲੀਸ ਨੇ ਸਰਚ ਮੁਹਿੰਮ ਖਤਮ ਕੀਤੀ ਤੇ ਉਧਰ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਸਰਾਭਾ ਨਗਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਹੈਰਾਨੀ ਦੀ ਗੱਲ ਹੈ ਕਿ ਜਦੋਂ ਵਾਰਦਾਤ ਹੋਈ ਤਾਂ ਸਾਰੀ ਪੁਲੀਸ ਸ਼ਹਿਰ ’ਚ ਗਸ਼ਤ ਕਰਦੀ ਹੋਈ ਜੁਆਇੰਟ ਪੁਲੀਸ ਕਮਿਸ਼ਨਰ ਦੀਪਕ ਪਾਰਕ ਦੀ ਅਗਵਾਈ ’ਚ ਬੱਸ ਅੱਡੇ ’ਤੇ ਸਰਚ ਮੁਹਿੰਮ ਚਲਾ ਰਹੀਆਂ ਸੀ। ਜਿੱਥੇ ਵਾਰਦਾਤ ਹੋਈ, ਉਥੋਂ ਕੁਝ ਦੂਰੀ ’ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ। ਥਾਣਾ ਸਰਾਭਾ ਨਗਰ ਦੇ ਐਸ.ਐਚ.ਓ. ਇੰਸਪੈਕਟਰ ਪਰਮਦੀਪ ਸਿੰਘ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲੀਸ ਅਧਿਕਾਰੀ ਕਰਦੇ ਰਹੇ ਸੁਰੱਖਿਆ ਸਬੰਧੀ ਮੀਟਿੰਗ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਡੀਆਈਜੀ ਲੁਧਿਆਣਾ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਤਿੰਨ ਸੀਨੀਅਰ ਪੁਲੀਸ ਕਪਤਾਨਾਂ (ਐੱਸ.ਐੱਸ.ਪੀ.), ਹੋਰ ਰੇਂਜ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਖੇਤਰਾਂ ਵਿੱਚ ਹਰ ਪੱਖੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਰੱਖਣ ਦੇ ਨਿਰਦੇਸ਼ ਦਿੱਤੇ। ਐੱਸਐੱਸਪੀ ਐੱਸ.ਬੀ.ਐੱਸ. ਨਗਰ ਹਰਮਨਬੀਰ ਸਿੰਘ ਗਿੱਲ, ਐੱਸਐੱਸਪੀ ਜਗਰਾਉਂ ਗੁਰਦਿਆਲ ਸਿੰਘ, ਐੱਸਐੱਸਪੀ ਖੰਨਾ ਗੁਰਸ਼ਰਨ ਸਿੰਘ ਅਤੇ ਹੋਰਨਾਂ ਨਾਲ ਮੀਟਿੰਗ ਕਰਦਿਆਂ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪੁਲੀਸ ਮੁਖੀਆਂ ਦੀ ਅਗਵਾਈ ਵਾਲੀ ਰਾਤ ਦੀ ਗਸ਼ਤ, ਸ਼ਹਿਰਾਂ ਦੇ ਪ੍ਰਵੇਸ਼ ਸਥਾਨਾਂ ਨੂੰ ਸੀਲ ਕਰਨ, ਸਖ਼ਤ ਚੈਕਿੰਗ ਅਤੇ ਨਾਕਿਆਂ ਦੀ ਲੋੜ ’ਤੇ ਜ਼ੋਰ ਦਿੱਤਾ।
ਡਲਹੌਜੀ ਘੁੰਮਣ ਗਏ ਪਰਿਵਾਰ ਦੇ ਘਰ ਵਿੱਚੋਂ ਲੱਖਾਂ ਦੀ ਚੋਰੀ
ਲੁਧਿਆਣਾ: ਪਿੰਡ ਦਾਦ ਦੀ ਛਾਬੜਾ ਕਲੋਨੀ ਇਲਾਕੇ ’ਚ ਰਹਿਣ ਵਾਲਾ ਪਰਿਵਾਰ ਡਲਹੌਜੀ ਘੁੰਮਣ ਗਿਆ ਤਾਂ ਪਿੱਛੋਂ ਚੋਰਾਂ ਨੇ ਉਨ੍ਹਾਂ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾ ਲਿਆ। ਚੋਰ ਉਥੋਂ 15 ਹਜ਼ਾਰ ਕੈਸ਼, ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਪਰਿਵਾਰ 25 ਅਗਸਤ ਦੀ ਸਵੇਰੇ ਘਰ ਪਰਤੇ। ਥਾਣਾ ਸਦਰ ਦੀ ਪੁਲੀਸ ਨੇ ਜਾਂਚ ਤੋਂ ਬਾਅਦ ਛਾਬੜਾ ਕਲੋਨੀ ਦੇ ਰਹਿਣ ਵਾਲੇ ਵੇਦਾਂਤ ਕਪਿਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਵੇਦਾਂਤ ਕਪਿਲਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮਕਾਨ ਦੀ ਇੱਕ ਖਿੜਕੀ ਵੀ ਟੁੱਟੀ ਹੋਈ ਸੀ। ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ। ਚੈੱਕ ਕਰਨ ’ਤੇ ਪਤਾ ਲੱਗਿਆ ਕਿ ਅਲਮਾਰੀ ’ਚ ਪਏ ਲੱਖਾਂ ਦੇ ਗਹਿਣੇ ਤੇ 15000 ਕੈਸ਼ ਚੋਰ ਹੋ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।