ਗਗਨਦੀਪ ਅਰੋੜਾ
ਲੁਧਿਆਣਾ, 10 ਮਾਰਚ
ਪੂਰੇ ਸੂਬੇ ਦੇ ਨਾਲ-ਨਾਲ ਸਨਅਤੀ ਜ਼ਿਲ੍ਹੇ ਦੇ ਲੋਕਾਂ ਨੇ ਵੀ ਚੋਣਾਂ ਵਿੱਚ ਆਮ ਆਦਮੀ ਪਾਰਟੀ ’ਤੇ ਭਰੋਸਾ ਜਤਾਇਆ ਹੈ। ਜ਼ਿਲ੍ਹੇ ਦੀਆਂ 14 ਵਿਧਾਨ ਸਭਾ ਸੀਟਾਂ ਵਿੱਚੋਂ 13 ਸੀਟਾਂ ’ਤੇ ‘ਆਪ’ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਇਸਦੇ ਨਾਲ ਹੀ ਇੱਕ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਦਾ ਗੜ੍ਹ ਕਹੇ ਜਾਣ ਵਾਲੇ ਲੁਧਿਆਣਾ ਦੀਆਂ ਸਾਰੀਆਂ ਹੀ ਸ਼ਹਿਰੀ ਸੀਟਾਂ ’ਤੇ ‘ਆਪ’ ਦਾ ਕਬਜ਼ਾ ਹੋ ਗਿਆ ਹੈ। ਲੁਧਿਆਣਾ ਦਾ ਥੰਮ ਕਹੇ ਜਾਣ ਵਾਲੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਖੰਨਾ ਤੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਆਪਣੀ ਸੀਟ ਨਹੀਂ ਬਚਾ ਸਕੇ। ਸੱਤ ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ, ਜਦੋਂਕਿ ਪੰਜਾਬ ’ਚ ਸਭ ਤੋਂ ਜ਼ਿਆਦਾ ਪੈਸੇ ਖਰਚ ਕੇ ਵਿਕਾਸ ਕਾਰਜ ਕਰਵਾਉਣ ਦਾ ਦਾਅਵਾ ਕਰਨ ਵਾਲੇ ਵਿਧਾਇਕ ਸੰਜੇ ਤਲਵਾੜ ਵੀ ਵੱਡੇ ਫਰਕ ਨਾਲ ਹਾਰ ਗਏ ਹਨ। ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਆਪਣਾ ਕਿਲ੍ਹਾ ਬਚਾਉਣ ’ਚ ਕਾਮਯਾਬ ਰਹੇ ਹਨ। ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਹਾਰ ਗਏ ਹਨ। ਹਲਕਾ ਸਮਰਾਲਾ ਤੋਂ ‘ਆਪ’ ਉਮੀਦਵਾਰ ਜਗਤਾਰ ਸਿੰਘ ਦਿਆਲਪੁਰ ਨੇ 30,589 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦਕਿ ਉਨ੍ਹਾਂ ਸਾਹਮਣੇ ਚੋਣ ਮੈਦਾਨ ’ਚ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਇੱਥੋਂ ਪੰਜ ਵਾਰ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਟਿਕਟ ਕੱਟੇ ਜਾਣ ’ਤੇ ਆਜ਼ਾਦ ਲੜ ਰਹੇ ਸਨ। ਚੋਣ ਮੈਦਾਨ ’ਚ ਆ ਗਏ, ਜਦੋਂ ਕਿ ਇੱਥੋਂ ‘ਆਪ’ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰ ਨੂੰ ਜਿੱਤ ਮਿਲੀ। ਉਸ ਤੋਂ ਬਾਅਦ ਖੰਨਾ ਦੀ ਗੱਲ ਕੀਤੀ ਜਾਵੇ ਤਾਂ ਗੁਰਕੀਰਤ ਕੋਟਲੀ ਦੇ ਸਾਹਮਣੇ ‘ਆਪ’ ਦੇ ਉਮੀਦਵਾਰ ਤਰੁਣਪ੍ਰੀਤ ਸਿੰਘ ਸੌਂਦ ਨੂੰ ਜਿੱਤ ਮਿਲੀ। ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਮੁਕਬਾਲੇ ਇਸ ਵਾਰ ਕਾਂਗਰਸ ਤੋਂ ਬਿਕਰਮ ਬਾਜਵਾ ਅਤੇ ‘ਆਪ’ ਤੋਂ ਹਰਦੀਪ ਸਿੰਘ ਮੁੰਡੀਆਂ ਚੋਣ ਮੈਦਾਨ ’ਚ ਸਨ। ਹਰਦੀਪ ਸਿੰਘ ਮੁੰਡੀਆਂ ਕਾਂਗਰਸ ਛੱਡ ‘ਆਪ’ ’ਚ ਗਏ ਸਨ ਤੇ ਉਨ੍ਹਾਂ ਨੂੰ ਜਿੱਤ ਮਿਲੀ। ਹਲਕਾ ਦੱਖਣੀ ਦੀ ਗੱਲ ਕੀਤੀ ਜਾਵੇ ਤਾਂ ਰਾਜਿੰਦਰਪਾਲ ਕੌਰ ਛੀਨਾ ਨੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੂੰ ਹਰਾਇਆ। ਹਲਕਾ ਆਤਮ ਨਗਰ ਤੋਂ ਲਿਪ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਕੁਲਵੰਤ ਸਿੰਘ ਸਿੱਧੂ ਨੇ ਮਾਤ ਦਿੱਤੀ। ਹਲਕਾ ਪੱਛਮੀ ਦੀ ਗੱਲ ਕੀਤੀ ਜਾਵੇ ਤਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਭ ਤੋਂ ਪੁਰਾਣੇ ਸਾਥੀ ਗੁਰਪ੍ਰੀਤ ਗੋਗੀ ਨੇ ਉਨ੍ਹਾਂ ਨੂੰ ਹਰਾਇਆ। ਹਲਕਾ ਗਿੱਲ ਤੋਂ ‘ਆਪ’ ਦੇ ਜੀਵਨ ਸਿੰਘ ਸੰਗੋਵਾਲ ਜਿੱਤੇ। ਹਲਕਾ ਰਾਏਕੋਟ ਤੋਂ ਕਾਮਿਲ ਅਮਰ ਸਿੰਘ ਬੋਪਾਰਾਏ ਚੋਣ ਮੈਦਾਨ ’ਚ ਸਨ। ਇੱਥੋਂ ਉਨ੍ਹਾਂ ਨੂੰ ‘ਆਪ’ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਨੂੰ ਜਿੱਤ ਮਿਲੀ।
ਇਸ ਤੋਂ ਇਲਾਵਾ ਜਗਰਾਉਂ ਤੋਂ ‘ਆਪ’ ਉਮੀਦਵਾਰ ਸਰਬਜੀਤ ਕੌਰ ਮਾਣੂੰਕੇ ਨੇ ਦੂਸਰੀ ਵਾਰ ਜਿੱਤ ਦਰਜ ਕੀਤੀ ਹੈ। ਇੱਥੋਂ ਜੱਗਾ ਹਿੱਸੋਵਾਲ, ਜੋ ਆਪ ’ਚੋਂ ਕਾਂਗਰਸ ’ਚ ਗਏ ਸਨ, ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਨੂੰ ਛੱਡ ਕੇ ਕੁਝ ਸਮਾਂ ਪਹਿਲਾਂ ‘ਆਪ’ ’ਚ ਜਾਣ ਵਾਲਾ ਮਦਨ ਲਾਲ ਬੱਗਾ ਨੇ 7 ਵਾਰ ਦੇ ਵਿਧਾਇਕ ਰਹੇ ਰਾਕੇਸ਼ ਪਾਂਡੇ ਨੂੰ ਹਰਾ ਦਿੱਤਾ। ਹਲਕਾ ਪੂਰਬੀ ਤੋਂ ਕਾਂਗਰਸ ਛੱਡ ਆਪ ’ਚ ਗਏ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਮੌਜੂਦਾ ਵਿਧਾਇਕ ਸੰਜੇ ਤਲਵਾੜ ਨੂੰ ਹਰਾ ਦਿੱਤਾ। ਕਾਂਗਰਸ ਨੂੰ ਅਲਵਿਦਾ ਕਹਿ ਕੇ ਕੁਝ ਸਮਾਂ ਪਹਿਲਾਂ ਆਪ ’ਚ ਜਾਣ ਵਾਲੇ ਅਸ਼ੋਕ ਪਰਾਸ਼ਰ ਪੱਪੀ ਨੇ ਕਾਂਗਰਸ ਨੂੰ ਮਾਤ ਦਿੱਤੀ। ਹਲਕਾ ਪਾਇਲ ਤੋਂ ਵੀ ‘ਆਪ’ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਬੇਅੰਤ ਸਿੰਘ ਪਰਿਵਾਰ ਦੇ ਕਰੀਬੀ ਲਖਵੀਰ ਸਿੰਘ ਲੱਖਾ ਪਾਇਲ ਨੂੰ ਹਰਾਇਆ।
ਲੁਧਿਆਣਾ ’ਚ ਇਸ ਵਾਰ 2 ਸੀਟਾਂ ਨੂੰ ਛੱਡ ਕੇ ਸਾਰੇ ਨਵੇਂ ਵਿਧਾਇਕ ਹਨ। ਬਾਹਰੀ ਪਾਰਟੀਆਂ ਤੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਸਿਰਫ਼ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਿਰਫ਼ ਆਪਣਾ ਕਿਲਾ ਬਚਾਉਣ ’ਚ ਕਾਮਯਾਬ ਰਹੇ। ਇਸ ਤੋਂ ਇਲਾਵਾ ਜਗਰਾਉਂ ਤੋਂ ‘ਆਪ’ ਦੀ ਮੌਜੂਦਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੁਬਾਰਾ ਜਿੱਤੀ ਹੈ। ਉਨ੍ਹਾਂ ਨੇ ਇਸ ਵਾਰ ਇੱਕ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ। ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀਆਂ ਤੇ ਬਾਕੀ ਰਾਜਸੀ ਪਾਰਟੀਆਂ ਦੇ ਆਗੂ ਆਪ ’ਤੇ ਸਵਾਲ ਚੁੱਕਦੇ ਕਿ ਦਲਬਦਲੂਆਂ ਦੇ ਸਹਾਰੇ ‘ਆਪ’ ਚੋਣ ਮੈਦਾਨ ’ਚ ਉੱਤਰੀ ਹੈ। ਇਹ ਵੀ ਸਵਾਲ ਖੜ੍ਹਾ ਹੁੰਦਾ ਸੀ ਕਿ ਕੀ ਦਲਬਦਲੂਆਂ ਦੇ ਸਹਾਰੇ ਆਮ ਆਦਮੀ ਪਾਰਟੀ ਆਪਣੀ ਬੇੜੀ ਪਾਰ ਲਾ ਸਕੇਗੀ, ਪਰ ਲੋਕਾਂ ਨੇ ‘ਆਪ’ ਦੇ ਇਸ ਫੈਸਲੇ ’ਤੇ ਫੁੱਲ ਚੜ੍ਹਾਏ ਤੇ ਦੂਸਰੀਆਂ ਪਾਰਟੀਆਂ ਤੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੇ, ਸਾਰੇ ਉਨ੍ਹਾਂ ਉਮੀਦਵਾਰਾਂ ਨੂੰ ਜਿੱਤ ਹਾਸਲ ਕਰਵਾਈ, ਜੋ ਕੁਝ ਸਮਾਂ ਪਹਿਲਾਂ ਹੀ ਆਪ ’ਚ ਆਏ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਆਗੂਆਂ ਨੂੰ ਚੰਗੀ ਲੀਡ ਨਾਲ ਜਿੱਤ ਮਿਲੀ ਹੈ। ਸਭ ਤੋਂ ਵੱਡੀ ਲੀਡ ਇਸ ਵਾਰ ਆਪ ਦੇ ਹਲਕਾ ਗਿੱਲ ਤੋਂ ਜੀਵਨ ਸਿੰਘ ਸੰਗੋਵਾਲ ਨੇ ਜਿੱਤ ਹਾਸਲ ਕੀਤੀ ਹੈ। ‘ਆਪ’ ਦੇ ਛੇ ਉਮੀਦਵਾਰ ਅਜਿਹੇ ਸਨ, ਜੋ ਦੂਸਰੀਆਂ ਪਾਰਟੀਆਂ ’ਚੋਂ ਆਪ ’ਚ ਸ਼ਾਮਲ ਹੋਏ ਸਨ। ਹਲਕਾ ਪੂਰਬੀ ਤੋਂ ਜਿੱਤ ਦਰਜ ਕਰਨ ਵਾਲੇ ਆਪ ਦੇ ਦਲਜੀਤ ਸਿੰਘ ਭੋਲਾ ਗਰੇਵਾਲ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਆਪ ’ਚ ਸ਼ਾਮਲ ਹੋਏ ਸਨ। ਜਦੋਂ ਕਿ ਅਕਾਲੀ ਦਲ ਤੋਂ ਆਪ ’ਚ ਆਏ ਹਲਕਾ ਉਤਰੀ ਤੋਂ ਮਦਨ ਲਾਲ ਬੱਗਾ ਜਿੱਤੇ ਹਨ। ਹਲਕਾ ਕੇਂਦਰੀ ਦੀ ਗੱਲ ਕਰੀਏ ਤਾਂ ਅਸ਼ੋਕ ਪਰਾਸ਼ਰ ਪੱਪੀ ਵੀ ਕਾਂਗਰਸ ਛੱਡ ਕੇ ਆਏ ਤੇ ਜਿੱਤ ਹਾਸਲ ਕੀਤੀ। ਕਾਂਗਰਸ ਛੱਡ ‘ਆਪ’ ’ਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਗੋਗੀ ਨੇ ਜਿੱਤ ਹਾਸਲ ਕੀਤੀ। ਕਾਂਗਰਸ ਛੱਡ ‘ਆਪ’ ਦੀ ਟਿਕਟ ’ਤੇ ਆਤਮ ਨਗਰ ਤੋਂ ਚੋਣ ਲੜਨ ਵਾਲੇ ਕੁਲਵੰਤ ਸਿੰਘ ਸਿੱਧੂ ਨੇ ਵੀ ਜਿੱਤੇ। ਕਾਂਗਰਸ ਛੱਡ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਰਦੀਪ ਸਿੰਘ ਮੁੰਡੀਆਂ ਵੀ ਸਾਹਨੇਵਾਲ ਹਲਕੇ ਤੋਂ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਲਿਪ ਨੂੰ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਮਨਵਿੰਦਰ ਸਿੰਘ ਗਿਆਸਪੁਰਾ ਵੀ ਹਲਕਾ ਪਾਇਲ ਤੋਂ ਜਿੱਤੇ।
ਮਨਪ੍ਰੀਤ ਸਿੰਘ ਇਯਾਲੀ ਨੇ ਕੈਪਟਨ ਸੰਦੀਪ ਸੰਧੂ ਨੂੰ ਹਰਾਇਆ
ਮੁੱਲਾਂਪੁਰ ਦਾਖਾ (ਸੰਤੋਖ ਗਿੱਲ ): ਲੁਧਿਆਣਾ ਜ਼ਿਲ੍ਹੇ ਦੀ ਹਾਟ ਸੀਟ ਮੰਨੇ ਜਾਂਦੇ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਮੁੱਖ ਵਿਰੋਧੀ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ 5807 ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ ਹੈ। ਮਨਪ੍ਰੀਤ ਸਿੰਘ ਇਯਾਲੀ ਨੇ 49,909 ਵੋਟਾਂ ਹਾਸਲ ਕੀਤੀਆਂ ਜਦਕਿ ਮੁੱਖ ਵਿਰੋਧੀ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ 44,102 ਵੋਟ ਹਾਸਲ ਕੀਤੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਕੇਐਨ ਐੱਸ ਕੰਗ 42,647 ਵੋਟਾਂ ਹਾਸਲ ਕਰ ਕੇ ਤੀਜੇ ਨੰਬਰ ’ਤੇ ਰਹੇ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਹਰਪ੍ਰੀਤ ਸਿੰਘ ਮੱਖੂ 2434, ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓ.ਐਸ.ਡੀ ਦਮਨਜੀਤ ਸਿੰਘ ਮੋਹੀ ਕੇਵਲ 827 ਵੋਟਾਂ ਹਾਸਲ ਕਰ ਸਕੇ, ਜਦਕਿ ਨੋਟਾ ਨੂੰ ਉਨ੍ਹਾਂ ਤੋਂ ਵਧੇਰੇ ਕੁਲ 1169 ਵੋਟਾਂ ਮਿਲੀਆਂ। ਅਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨੂੰ 315 ਵੋਟਾਂ ਮਿਲੀਆਂ।
ਲੁਧਿਆਣਾ ’ਚ ਕਈ ਮੌਜੂਦਾ ਵਿਧਾਇਕ ਹਾਰ ਤੋਂ ਬਾਅਦ ਪੁੱਜੇ ਤੀਜੇ ਨੰਬਰ ’ਤੇ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ’ਚ ਝਾੜੂ ਦੇ ਪੱਖ ’ਚ ਚੱਲੀ ਹਨੇਰੀ ਦੇ ਅੱਗੇ ਕੋਈ ਵੀ ਟਿਕ ਨਹੀ ਸਕਿਆ, ਮੌਜੂਦਾ ਕੈਬਨਿਟ ਮੰਤਰੀਆਂ ਦੇ ਨਾਲ ਨਾਲ ਮੌਜੂਦਾ ਸਰਕਾਰ ਦੇ ਵਿਧਾਇਕ ਵੀ ਹਾਰ ਗਏ। ਇੱਥੋਂ ਤੱਕ ਕਿ ਬੈਂਸ ਭਰਾਵਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਦੇ ਕਈ ਮੌਜੂਦਾ ਵਿਧਾਇਕ ਹਾਰ ਤੋਂ ਬਾਅਦ ਦੂਸਰੇ ਨਹੀਂ ਬਲਕਿ ਤੀਜ਼ੇ ਨੰਬਰ ’ਤੇ ਪੁੱਜ ਗਏ। ਜੇਕਰ ਗੱਲ ਕੀਤੀ ਜਾਵੇ ਖੰਨਾ ਵਿਧਾਨ ਸਭਾ ਹਲਕੇ ਦੀ ਤਾਂ ਇੱਥੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੀਸਰੇ ਨੰਬਰ ’ਤੇ ਰਹੇ। ਜਦੋਂ ਕਿ ਸਮਰਾਲਾ ਤੋਂ ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਇਸ ਵਾਰ ਆਜ਼ਾਦ ਚੋਣ ਲੜ ਰਹੇ ਸਨ। ਉਹ ਇਸ ਵਾਰ ਪੰਜਵੇਂ ਨੰਬਰ ’ਤੇ ਰਹੇ। ਜਦੋਂ ਕਿ ਸਾਹਨੇਵਾਲ ਤੋਂ ਮੌਜੂਦਾ ਸ਼੍ਰੋਮਣੀ ਅਕਾਲੀ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵੀ ਤੀਸਰੇ ਨੰਬਰ ’ਤੇ ਰਹੇ। ਹਲਕਾ ਦੱਖਣੀ ਤੋਂ ਜਥੇਦਾਰ ਬਲਵਿੰਦਰ ਸਿੰਘ ਬੈਂਸ ਚੌਥੇ ਨੰਬਰ ਤੇ ਆਤਮ ਨਗਰ ਤੋਂ ਚਣੋ ਲੜ ਰਹੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੀਸਰੇ ਨੰਬਰ ’ਤੇ ਰਹੇ। ਹਲਕਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਬਰ ਵੀ ਤੀਸਰੇ ਨੰਬਰ ’ਤੇ ਰਹੇ ਤੇ ਰਾਕੇਸ਼ ਪਾਂਡੇ ਵੀ ਇੱਕ ਵਾਰ ਪਹਿਲੇਂ ਨੰਬਰ ’ਤੇ ਆ ਕੇ ਅੰਤ ’ਚ ਤੀਜ਼ੇ ਨੰਬਰ ’ਤੇ ਪੁੱਜ ਗਏ। ਜਗਰਾਉਂ ਤੋਂ ਚੋਣ ਲੜ ਰਹੇ ਜੱਗਾ ਹਿੱਸੋਵਾਲ ਇਸ ਵਾਰ ਤੀਸਰੇ ਨੰਬਰ ’ਤੇ ਰਹੇ, ਜਦੋਂ ਕਿ ਹਲਕਾ ਗਿੱਲ ਤੋਂ ਵਿਧਾਇਕ ਵੈਦ ਤੀਸਰੇ ਨੰਬਰ ’ਤੇ ਰਹੇ।
ਸਾਹਨੇਵਾਲ ਤੋਂ ਹਰਦੀਪ ਮੁੰਡੀਆਂ 15,193 ਵੋਟਾਂ ਨਾਲ ਜੇਤੂ ਰਹੇ
ਮਾਛੀਵਾੜਾ(ਗੁਰਦੀਪ ਸਿੰਘ ਟੱਕਰ ): ਹਲਕਾ ਸਾਹਨੇਵਾਲ ਦੇ ਵਿਧਾਨ ਸਭਾ ਚੋਣ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ 15,193 ਵੋਟਾਂ ਨਾਲ ਜੇਤੂ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਸਾਹਨੇਵਾਲ ਵਿੱਚ ਕੁੱਲ 1,79,696 ਵੋਟਾਂ ਪੋਲ ਹੋਈ ਜਿਸ ਵਿੱਚ ‘ਆਪ’ ਦੇ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਨੂੰ ਸਭ ਤੋਂ ਵੱਧ 61,515 ਵੋਟਾਂ ਮਿਲੀਆਂ। ਹਲਕਾ ਸਾਹਨੇਵਾਲ ਵਿੱਚ 679 ਉਮੀਦਵਾਰਾਂ ਨੇ ਨੋਟਾ ਦਾ ਬਟਨ ਦਬ ਕੇ ਸਾਰਿਆਂ ਨੂੰ ਨਕਾਰਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਵੱਲੋਂ ਚੋਣ ਅਧਿਕਾਰੀ ਵਿਨੀਤ ਕੁਮਾਰ ਤੋਂ ਆਪਣੀ ਜਿੱਤ ਤੇ ਵਿਧਾਇਕ ਦਾ ਪੱਤਰ ਪ੍ਰਾਪਤ ਕੀਤਾ। ਹਰਦੀਪ ਸਿੰਘ ਮੁੰਡੀਆਂ ਦੇ ਘਰ ਜਮਾਲਪੁਰ ਵਿੱਚ ਜਸ਼ਨ ਮਨਾਏ ਗਏ ਅਤੇ ਸਮਰਥਕਾਂ ਨੇ ਖੁਸ਼ੀ ’ਚ ਭੰਗੜੇ ਪਾਏ ਜਦਕਿ ਆਪਣੀ ਜਿੱਤ ਲਈ ਬੇਹੱਦ ਹੀ ਆਸਵੰਦ ਕਾਂਗਰਸੀ ਉਮੀਦਵਾਰ ਵਿਕਰਮ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਸਮਰਥਕਾਂ ਵਿੱਚ ਮਾਯੂਸੀ ਛਾਈ ਦਿਖਾਈ ਦਿੱਤੀ ਕਿਉਂਕਿ ਇਸ ਵਾਰ ਕਾਂਗਰਸ ਨੇ ਇੱਕਜੁਟ ਹੋ ਕੇ ਅਕਾਲੀ ਦਲ ਨੂੰ ਢਾਹ ਲਾ ਦਿੱਤੀ ਪਰ ‘ਆਪ’ ਦੀ ਲਹਿਰ ਅੱਗੇ ਉਹ ਖੁਦ ਟਿਕ ਨਾ ਸਕੇ।
ਉਮੀਦਵਾਰਾਂ ਦੀ ਜਿੱਤ ਅਤੇ ਹਾਰ ਦਾ ਅੰਤਰ
ਲੁਧਿਆਣਾ ਪੂਰਬੀ
‘ਆਪ’- ਦਲਜੀਤ ਸਿੰਘ ਭੋਲਾ- 68682 ਵੋਟਾਂ (ਜੇਤੂ)
ਕਾਂਗਰਸ – ਸੰਜੈ ਤਲਵਾੜ – 32760 ਵੋਟਾਂ
ਅਕਾਲੀ ਦਲ- ਰਣਜੀਤ ਸਿੰਘ ਢਿੱਲੋਂ- 20369 ਵੋਟਾਂ
ਲੁਧਿਆਣਾ ਕੇਂਦਰੀ
‘ਆਪ’ – ਅਸ਼ੋਕ ਪਰਾਸ਼ਰ ਪੱਪੀ – 32789 ਵੋਟਾਂ (ਜੇਤੂ)
ਭਾਜਪਾ – ਗੁਰਦੇਵ ਦੇਬੀ – 27985 ਵੋਟਾਂ
ਕਾਂਗਰਸ – ਸੁਰਿੰਦਰ ਡਾਵਰ – 26972 ਵੋਟਾਂ
ਲੁਧਿਆਣਾ ਉੱਤਰੀ
‘ਆਪ’ – ਮਦਨ ਲਾਲ ਬੱਗਾ – 51104 ਵੋਟਾਂ (ਜੇਤੂ)
ਭਾਜਪਾ – ਪ੍ਰਵੀਨ ਬਾਂਸਲ – 35822 ਵੋਟਾਂ
ਕਾਂਗਰਸ – ਰਾਕੇਸ਼ ਪਾਂਡੇ – 24326 ਵੋਟਾਂ
ਲੁਧਿਆਣਾ ਦੱਖਣੀ
‘ਆਪ’ – ਰਾਜਿੰਦਰਪਾਲ ਕੌਰ ਛੀਣਾ – 43811 ਵੋਟਾਂ (ਜੇਤੂ)
ਭਾਜਪਾ – ਸਤਿੰਦਰ ਤਾਜਪੁਰੀ – 17673 ਵੋਟਾਂ
ਕਾਂਗਰਸ – ਇਸ਼ਵਰਜੋਤ ਚੀਮਾ – 15604 ਵੋਟਾਂ
ਲੁਧਿਆਣਾ ਪੱਛਮੀ
‘ਆਪ’ – ਗੁਰਪ੍ਰੀਤ ਸਿੰਘ ਗੋਗੀ – 40443 ਵੋਟਾਂ (ਜੇਤੂ)
ਕਾਂਗਰਸ – ਭਾਰਤ ਭੂਸ਼ਨ ਆਸ਼ੂ – 32031 ਵੋਟਾਂ
ਭਾਜਪਾ – ਬਿਕਰਮ ਸਿੰਘ ਸਿੱਧੂ- 28107 ਵੋਟਾਂ
ਹਲਕਾ ਆਤਮ ਨਗਰ
‘ਆਪ’- ਕੁਲਵੰਤ ਸਿੰਘ ਸਿੱਧੂ – 44601 (ਜੇਤੂ)
ਕਾਂਗਰਸ – ਕਮਲਜੀਤ ਸਿੰਘ ਕੜਵਲ – 28247 ਵੋਟਾਂ
ਲਿਪ- ਸਿਮਰਜੀਤ ਸਿੰਘ ਬੈਂਸ- 12720 ਵੋਟਾਂ
ਹਲਕਾ ਖੰਨਾ
‘ਆਪ’ – ਤੁਰਣਪ੍ਰੀਤ ਸਿੰਘ – 62425 ਵੋਟਾਂ (ਜੇਤੂ )
ਸ਼੍ਰੋਮਣੀ – ਜਸਦੀਪ ਸਿੰਘ ਯਾਦੂ – 26805 ਵੋਟਾਂ
ਕਾਂਗਰਸ – ਗੁਰਕੀਰਤ ਸਿੰਘ ਕੋਟਲੀ – 20305 ਵੋਟਾਂ
ਹਲਕਾ ਗਿੱਲ
‘ਆਪ’ – ਜੀਵਨ ਸਿੰਘ ਸੰਗੋਵਾਲ – 92696 ਵੋਟਾਂ (ਜੇਤੂ)
ਸ਼੍ਰੋਮਣੀ ਅਕਾਲੀ ਦਲ- ਦਰਸ਼ਨ ਸਿੰਘ ਸ਼ਿਵਾਲਿਕ – 35052 ਵੋਟਾਂ
ਕਾਂਗਰਸ – ਕੁਲਦੀਪ ਸਿੰਘ ਵੈਦ – 33786 ਵੋਟਾਂ
ਹਲਕਾ ਜਗਰਾਉਂ
‘ਆਪ’ – ਸਰਬਜੀਤ ਕੌਰ ਮਾਣੂੰਕੇ- 65195 ਵੋਟਾਂ (ਜੇਤੂ)
ਸ਼੍ਰੋਮਣੀ ਅਕਾਲੀ ਦਲ – ਐਸਆਰ ਕਲੇਰ – 25539 ਵੋਟਾਂ
ਕਾਂਗਰਸ – ਜਗਤਾਰ ਸਿੰਘ ਜੱਗਾ – 20878 ਵੋਟਾਂ
ਹਲਕਾ ਪਾਇਲ
‘ਆਪ’- ਮਨਵਿੰਦਰ ਸਿੰਘ ਗਿਆਸਪੁਰਾ – 63633 ਵੋਟਾਂ (ਜੇਤੂ)
ਕਾਂਗਰਸ – ਲਖਬੀਰ ਸਿੰਘ ਲੱਖਾ -30624 ਵੋਟਾਂ
ਬਹੁਜਨ ਸਮਾਜ ਪਾਰਟੀ – ਡਾ. ਜਸਪ੍ਰੀਤ ਸਿੰਘ ਬੀਜਾ – 20648 ਵੋਟਾਂ
ਹਲਕਾ ਰਾਏਕੋਟ
‘ਆਪ’- ਹਾਕਮ ਸਿੰਘ ਠੇਕੇਦਾਰ – 63659 ਵੋਟਾਂ (ਜੇਤੂ)
ਕਾਂਗਰਸ – ਕਾਮਿਲ ਅਮਰ ਸਿੰਘ -36015 ਵੋਟਾਂ
ਬਹੁਜਨ ਸਮਾਜ- ਬਲਵਿੰਦਰ ਸਿੰਘ ਸੰਧੂ – 8381 ਵੋਟਾਂ
ਹਲਕਾ ਸਮਰਾਲਾ
‘ਆਪ’ – ਜਗਤਾਰ ਸਿੰਘ – 57557 ਵੋਟਾਂ (ਜੇਤੂ)
ਸ਼੍ਰੋਮਣੀ ਅਕਾਲੀ ਦਲ – ਪਰਮਜੀਤ ਸਿੰਘ ਢਿੱਲੋਂ – 26667 ਵੋਟਾਂ
ਕਾਂਗਰਸ – ਰੂਪਿੰਦਰ ਸਿੰਘ ਰਾਜਾ ਗਿੱਲ – 23368 ਵੋਟਾਂ
ਹਲਕਾ ਸਾਹਨੇਵਾਲ
‘ਆਪ’ – ਹਰਦੀਪ ਸਿੰਘ – 61515 ਵੋਟਾਂ (ਜੇਤੂ)
ਕਾਂਗਰਸ – ਬਿਕਰਮ ਸਿੰਘ ਬਾਜਵਾ- 46322 ਵੋਟਾਂ
ਅਕਾਲੀ ਦਲ – ਸ਼ਰਨਜੀਤ ਸਿੰਘ ਢਿੱਲੋਂ – 41373 ਵੋਟਾਂ
ਹਲਕਾ ਦਾਖਾ
ਅਕਾਲੀ ਦਲ – ਮਨਪ੍ਰੀਤ ਸਿੰਘ ਇਯਾਲੀ – 49909 ਵੋਟਾਂ (ਜੇਤੂ)
ਕਾਂਗਰਸ – ਕੈਪਟਨ ਸੰਦੀਪ ਸਿੰਘ ਸੰਧੂ – 44102 ਵੋਟਾਂ
‘ਆਪ’- ਡਾ. ਕੇਐੱਨਐੱਸ ਕੰਗ – 42994 ਵੋਟਾਂ