ਜੋਗਿੰਦਰ ਸਿੰਘ ਓਬਰਾਏ
ਖੰਨਾ, 17 ਮਾਰਚ
ਸੰਘਣੀ ਅਬਾਦੀ ਵਾਲੇ ਨਵੀਂ ਅਬਾਦੀ ਅਤੇ ਕੂੜਾ ਪ੍ਰਤਾਪ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਤਿੰਨ ਚੋਰੀਆਂ ਨੇ ਇਲਾਕੇ ਦੀ ਅਮਨ ਕਾਨੂੰਨ ਦੀ ਸਥਿਤੀ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਨਵੀਂ ਆਬਾਦੀ ਇਲਾਕੇ ’ਚ ਇੱਕ ਮੋਬਾਈਲ ਦੀ ਦੁਕਾਨ ਦਾ ਸ਼ਟਰ ਤੋੜ ਕੇ ਮੋਬਾਈਲ ਚੋਰੀ ਕਰ ਲਏ ਗਏ ਜਦੋਂਕਿ ਦੋ ਹੋਰ ਥਾਵਾਂ ’ਤੇ ਖੜ੍ਹੇ ਵਾਹਨਾਂ ਦੇ ਟਾਇਰ ਲਾਹ ਕੇ ਵਾਹਨਾਂ ਨੂੰ ਪੱਥਰਾਂ ਦੇ ਸਹਾਰੇ ਖੜ੍ਹਾ ਕਰ ਦਿੱਤਾ ਗਿਆ, ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਰੋਸ ਹੈ। ਇਸ ਇਲਾਕੇ ਵਿਚ ਜ਼ਿਆਦਾਤਰ ਲੋਕਾਂ ਦੀਆਂ ਕਾਰਾਂ ਘਰਾਂ ਦੇ ਬਾਹਰ ਖੁੱਲ੍ਹੀਆਂ ਥਾਵਾਂ ਜਾਂ ਪਲਾਟਾਂ ਵਿੱਚ ਹੀ ਖੜ੍ਹੀਆਂ ਹੁੰਦੀਆਂ ਹਨ। ਇਸ ਮੌਕੇ ਤਰੁਣ ਜੈਨ ਨੇ ਦੱਸਿਆ ਕਿ ਉਹ ਦੇਰ ਰਾਤ ਕਿਸੇ ਸਮਾਗਮ ਤੋਂ ਵਾਪਸ ਆਇਆ ਸੀ ਤੇ ਆਪਣੇ ਘਰ ਦੇ ਬਾਹਰ ਕੂਚਾ ਪ੍ਰਤਾਪ ਵਿੱਚ ਇੱਕ ਖਾਲੀ ਪਲਾਟ ਵਿੱਚ ਆਪਣੀ ਕਾਰ ਨੰਬਰ-ਪੀਬੀ26ਜੀ-1170 ਖੜ੍ਹੀ ਕਰ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਕਾਰ ਦੇਖੀ ਤਾਂ ਉਸਦੀ ਕਾਰ ਦੇ ਚਾਰੇ ਟਾਇਰ ਗਾਇਬ ਸਨ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੱਕ ਚਿੱਟੇ ਰੰਗ ਦੀ ਡਿਜ਼ਾਇਰ ’ਚ ਸਵਾਰ ਨੌਜਵਾਨ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਸਿਟੀ-1 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।