ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਜੁਲਾਈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ ਖ਼ਿਲਾਫ਼ 20 ਜੁਲਾਈ ਨੂੰ ਜੰਤਰ ਮੰਤਰ ਦਿੱਲੀ ਵਿੱੱਚ ਲਗਾਏ ਜਾਣ ਵਾਲੇ ਧਰਨੇ ਸਬੰਧੀ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੀ ਜਰੂਰੀ ਮੀਟਿੰਗ ਹੋਈ।ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜੱਥੇਦਾਰ ਹਰਭਜਨ ਸਿੰਘ ਡੰਗ ਦੀ ਅਗਵਾਈ ਹੇਠ ਮਾਡਲ ਟਾਊਨ ਐਕਸਟੈਨਸ਼ਨ ਵਿੱੱਚ ਹੋਈ ਮੀਟਿੰਗ ਵਿੱਚ ਧਰਨੇ ਦੀ ਕਾਮਯਾਬੀ ਲਈ ਸਰਕਲ ਪ੍ਰਧਾਨਾਂ, ਵਾਰਡ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਜੱਥੇਦਾਰ ਡੰਗ ਨੇ ਕਿਹਾ ਕਿ ਲੁਧਿਆਣਾ ਤੋਂ ਸੈਂਕੜੇ ਵਰਕਰ 20 ਜੁਲਾਈ ਨੂੰ ਸਵੇਰੇ 10 ਵਜੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪਹੁੰਚਣਗੇ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜਥਾ ਰਵਾਨਾ ਹੋਕੇ 11 ਤੋਂ 1 ਵਜੇ ਤੱਕ ਜੰਤਰ ਮੰਤਰ ’ਤੇ ਧਰਨਾ ਦੇਵੇਗਾ।
ਜੱਥੇਦਾਰ ਹਰਭਜਨ ਸਿੰਘ ਡੰਗ ਨੇ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਸਰਕਾਰਾਂ ਰਿਹਾਅ ਨਹੀਂ ਕਰ ਰਹੀਆਂ ਪਰ ਅਕਾਲੀ ਦਲ ਉਨ੍ਹਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰੱਖੇਗਾ। ਇਸ ਮੌਕੇ ਐਸਸੀ ਵਿੱਗ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਬੀਸੀ ਵਿੰਗ ਦੇ ਗੁਰਮੀਤ ਸਿੰਘ ਕੁਲਾਰ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸੋਨੀ ਡੰਗ, ਜਸਪਾਲ ਸਿੰਘ ਗਿਆਸਪੁਰਾ, ਕੰਵਲਜੀਤ ਸਿੰਘ ਦੂਆ, ਸੁਖਵਿੰਦਰ ਸਿੰਘ ਬਾਜਵਾ, ਪਰਮਜੀਤ ਸਿੰਘ ਅਲੱਗ ਹਾਜ਼ਰ ਸਨ।