ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਮਾਰਚ
ਲੋਕ ਸੇਵਾ ਸੁਸਾਇਟੀ ਵੱਲੋਂ ਵੱਖ-ਵੱਖ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ ਇਲਾਕੇ ਦੀਆਂ 12 ਮਹਿਲਾਵਾਂ ਨੂੰ ਸਨਮਾਨਿਆ ਗਿਆ। ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ’ਚ ਇਹ ਸਨਮਾਨ ਸਮਾਰੋਹ ਹੋਇਆ।
ਇਸ ਸਮੇਂ ਰਣਬੀਰ ਕੌਰ ਕਲੇਰ, ਸੁਸ਼ਮਾ ਕੌਸ਼ਿਕ, ਡਾ. ਰੁਪਿੰਦਰ ਕੌਰ, ਸਨਮਤੀ ਸਕੂਲ ਦੀ ਡਾਇਰੈਕਟਰ ਸ਼ਸ਼ੀ ਜੈਨ, ਆਰਟ ਆਫ਼ ਲਿਵਿੰਗ ਦੀ ਪ੍ਰੋਫੈਸਰ ਚੰਦਰ ਪ੍ਰਭਾ, ਬਿੰਦੂ ਉੱਪਲ, ਕੰਚਨ, ਸਟਾਫ ਨਰਸ ਵੀਰਪਾਲ ਕੌਰ, ਸਨਮਤੀ ਮਾਤਰੀ ਸੰਘ ਦੀ ਪ੍ਰਧਾਨ ਕਾਂਤਾ ਸਿੰਗਲਾ, ਸਟਾਫ਼ ਨਰਸ ਸੁਖਜੋਤ ਕੌਰ, ਰੋਜ਼ੀ ਰਾਜਪਾਲ, ਡਿੰਪਲ ਵਰਮਾ ਦਾ ਸਨਮਾਨ ਹੋਇਆ।
ਪਾਇਲ (ਪੱਤਰ ਪ੍ਰੇਰਕ): ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਚ ਕੌਮਾਂਤਰੀ ਮਹਿਲਾ ਦਿਵਸ ਪ੍ਰਿੰਸੀਪਲ ਕਜਲਾ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਉਨ੍ਹਾਂ ਔਰਤ ਨੂੰ ਵੋਟ ਪਾਉਣ ਦੇ ਇਤਿਹਾਸ ਤੋਂ ਜਾਣੂ ਕਰਵਾਉਦੇ ਹੋਏ ਸਭ ਨੂੰ ਕੌਮਾਂਤਰੀ ਔਰਤ ਦਿਵਸ ਦੀ ਵਧਾਈ ਦਿੱਤੀ। ਡਾ. ਜਸਵੀਰ ਕੌਰ ਘੁਡਾਣੀ ਨੇ ਕਿਹਾ ਕਿ ਮਹਿਲਾ ਦਿਵਸ ਵਿਚਾਰ ਵਟਾਂਦਰਾ ਕਰਨ ਦੇ ਦਿਨ ਵਜੋਂ ਵੀ ਮਨਾਇਆ ਜਾ ਸਕਦਾ ਹੈ। ਵਿਦਿਆਰਥਣਾਂ ਦੁਆਰਾ ਕੁੱਲ ਅੱਠ ਪੇਪਰ ਪੜ੍ਹੇ ਗਏ। ਇਸ ਮੌਕੇ ਪ੍ਰੋ ਅਮਨਦੀਪ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।
ਰਾਏਕੋਟ (ਪੱਤਰ ਪ੍ਰੇਰਕ): ਚੇਤਨਾ ਮੰਚ ਗੋਬਿੰਦਗੜ੍ਹ (ਰਾਏਕੋਟ) ਵੱਲੋਂ ਮਹਿਲਾ ਦਿਵਸ ਦੇ ਸਬੰਧ ’ਚ ਮੰਚ ਦੇ ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਦੇਖ ਰੇਖ ਹੇਠ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਇਲਾਕੇ ਦੀਆਂ ਉਹ ਔਰਤਾਂ, ਜਿਹਨਾਂ ਵਲੋਂ ਆਪਣੇ-ਆਪਣੇ ਖੇਤਰ ’ਚ ਸ਼ਲਾਘਾਯੋਗ ਕੰਮ ਕੀਤਾ ਗਿਆ, ਨੂੰ ਸਨਮਾਨਿਆ ਗਿਆ। ਇਸ ਮੌਕੇ ਰਮਨਜੋਤ ਕੌਰ ਨੇ ‘ਪੁੱਤਾਂ ਨਾਲੋਂ ਧੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਤੇ ਮਰਦ ਬਰਾਬਰ ਔਰਤ ਨੂੰ ਸਾਰੇ ਅਧਿਕਾਰ ਦਿਓ’ ਗੀਤ ਗਾਇਆ। ਡਾ. ਜਗਜੀਤ ਸਿੰਘ ਕਾਲਸਾਂ ਨੇ ਮੰਚ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕੈਨੇਡਾ ਤੋਂ ਆਏ ਇਕਵਿੰਦਰ ਕੌਰ ਨੇ ਆਪਣੇ ਆਂਗਨਵਾੜੀ ਵਾਲੇ ਸਮੇਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ।
ਪੁਲੀਸ ਵੱਲੋਂ ਜਾਗਰੂਕਤਾ ਤੇ ਸਿਹਤ ਜਾਂਚ ਕੈਂਪ
ਜਗਰਾਉਂ (ਪੱਤਰ ਪ੍ਰੇਰਕ): ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਡਾ. ਪਾਟਿਲ ਕੇਤਨ ਬਾਲੀਰਾਮ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ ਸਮਾਗਮ ਅਤੇ ਡਾਕਟਰੀ ਜਾਂਚ-ਇਲਾਜ ਕੈਂਪ ਦਾ ਪ੍ਰਬੰਧ ਕੀਤਾ ਗਿਆ। ਪੁਲੀਸ ਲਾਈਨ ’ਚ ਰੱਖੇ ਸਮਾਗਮ ਵਿਚ ਐਸਐਸਪੀ ਨੇ ਮਹਿਲਾ ਮੁਲਾਜ਼ਮਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਜਾਂਚ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ 70 ਦੇ ਕਰੀਬ ਮਹਿਲਾ ਮੁਲਾਜ਼ਮਾਂ ਦੀ ਸਿਹਤ ਦੀ ਜਾਂਚ ਕੀਤੀ ਤੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ। ਬਨਮੀਤ ਕੌਰ ਅਤੇ ਮੀਨਾਕਸ਼ੀ ਨੇ ਕੰਮਕਾਜ ਵਾਲੇ ਸਥਾਨਾਂ ’ਤੇ ਔਰਤਾਂ ਨਾਲ ਛੇੜਛਾੜ ਅਪਰਾਧ ਅਤੇ ਕਾਨੂੰਨ ਬਾਰੇ ਜਾਣਕਾਰੀ ਸਾਂਝੀ ਕੀਤੀ।