ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਪਤੀ ਦੀ ਮੌਤ ਮਗਰੋਂ ਘਰ ਦੇ ਗੁਜ਼ਾਰੇ ਲਈ ਦੋ ਔਰਤਾਂ ਨੇ ਮਿਲ ਕੇ ਇੱਕ ਵਿਅਕਤੀ ਦੇ ਨਾਲ ਹੈਰੋਇਨ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਮੁਲਜ਼ਮ ਰਾਜਧਾਨੀ ਦਿੱਲੀ ਤੋਂ ਲਿਆ ਕੇ ਸਨਅਤੀ ਸ਼ਹਿਰ ਤੇ ਜਲੰਧਰ ’ਚ ਹੈਰੋਇਨ ਸਪਲਾਈ ਕਰਨ ਲੱਗੇ। ਪੁਲੀਸ ਨੇ ਤਿੰਨਾਂ ਦੇ ਕਬਜ਼ੇ ’ਚੋਂ ਸਾਢੇ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਟਿੱਬਾ ਦੀ ਪੁਲੀਸ ਨੇ ਮੁਲਜ਼ਮਾਂ ਨੂੰ ਵੱਖ-ਵੱਖ ਥਾਂਵਾਂ ਤੋਂ ਕਾਬੂ ਕੀਤਾ ਹੈ। ਇਸ ਮਾਮਲੇ ’ਚ ਸਲੇਮ ਟਾਬਰੀ ਦੇ ਤਲਵੰਡੀ ਕਲਾਂ ਵਾਸੀ ਜਗਤਾਰ ਚੰਦ, ਜਸਵਿੰਦਰ ਕੌਰ, ਜਲੰਧਰ ਦੇ ਪਿੰਡ ਕਿੰਗਰਾ ਚੋਅਵਾਲਾ ਵਾਸੀ ਰਣਜੀਤ ਕੌਰ ਉਰਫ਼ ਬਿੰਦੂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਏਡੀਸੀਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਇੱਕ ਦਿਨਾਂ ਰਿਮਾਂਡ ਹਾਸਲ ਕਰ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।