ਗੁਰਿੰਦਰ ਸਿੰਘ
ਲੁਧਿਆਣਾ 26 ਦਸੰਬਰ
ਇਥੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਅਤੇ ਹੋਰਨਾਂ ਸੂਬਿਆ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਹੋ ਰਹੀ ਬੇਅਦਬੀ ਦੀਆਂ ਘਟਨਾਵਾਂ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਦਿਨ ਪ੍ਰਤੀ ਦਿਨ ਬੇਅਦਬੀ ਦੀਆਂ ਘਟਨਾਵਾਂ ਵਿੱਚ ਹੋ ਰਹੇ ਵਾਧੇ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਹ ਅੱਜ ਵਾਰਡ ਨੰਬਰ-41 ਅਧੀਨ ਆਉਂਦੀ ਲੌਂਗੋਵਾਲ ਸਟਰੀਟ ਨੂੰ 54 ਲੱਖ 82 ਹਜ਼ਾਰ ਰੁਪਏ ਦੀ ਲਾਗਤ ਨਾਲ ਪੱਕਾ ਕਰਵਾਉਣ ਦੇ ਕੰਮ ਦਾ ਉਦਘਾਟਨ ਕਰਨ ਸਮੇਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਤਾਂ ਸ਼ਰਧਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਦੋਸ਼ੀਆਂ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਜਿਸ ਨਾਲ ਸਿੱਖ ਕੌਮ ਦੇ ਮਨਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੁੱਦੇ ’ਤੇ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਬੇਅਦਬੀ ਦੀ ਘਟਨਾ ਪਿੱਛੇ ਜਿਹੜੀ ਵੀ ਤਾਕਤ ਕੰਮ ਕਰ ਰਹੀ ਹੈ ਉਸ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਸ ਮੌਕੇ ਇਲਾਕਾ ਕੌਂਸਲਰ ਸਿਕੰਦਰ ਸਿੰਘ ਪੰਨੂ ਵੀ ਹਾਜ਼ਰ ਸਨ। ਇਲਾਕਾ ਨਿਵਾਸੀਆ ਨੇ ਵਿਧਾਇਕ ਬੈਂਸ ਅਤੇ ਕੌਂਸਲਰ ਪੰਨੂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਅਵਨਿੰਦਰ ਸਿੰਘ, ਗੁਰਮੀਤ ਸਿੰਘ ਗੀਤਾ, ਅਮਰੀਕ ਸਿੰਘ ਪ੍ਰਧਾਨ, ਜਸਪਾਲ ਸਿੰਘ ਬਿੱਲਾ, ਹਰਜਿੰਦਰ ਸਿੰਘ, ਪ੍ਰਵੀਨ ਗੋਇਲ, ਜਗਮੋਹਨ ਸਿੰਘ, ਮਨਜੀਤ ਸਿੰਘ, ਪਵਨਦੀਪ ਕੁਮਾਰ, ਬਹੇਲਾ ਜੀ, ਮੋਹਨ ਲਾਲ, ਜਸਵੀਰ ਸਿੰਘ, ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।