ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਮਈ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਰੋਨਾ ਦੀ ਮਾਰ ਝੱਲ ਰਹੇ ਟੈਕਸੀ ਅਤੇ ਆਟੋ ਰਿਕਸ਼ਾ ਚਾਲਕਾ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ। ਵਿਧਾਇਕ ਬੈਂਸ ਨੇ ਪੱਤਰ ਰਾਹੀਂ ਮੁੱਖ ਮੰਤਰੀ ਨੂੰ ਲਿਖਿਆ ਕਿ ਦੇਸ਼ ਵਿਚ ਕਰੋਨਾ ਮਹਾਮਾਰੀ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਜਿਸ ਨਾਲ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਸ ਮਹਾਮਾਰੀ ਨੇ ਵਪਾਰ ਮੰਡਲ ਦਾ ਵੀ ਲੱਕ ਤੋੜ ਦਿੱਤਾ ਹੈ। ਇਸ ਕਾਰਨ ਸਾਰੇ ਹੀ ਕੰਮਕਾਜ ਠੱਪ ਹੋ ਗਏ ਹਨ ਅਤੇ ਲੋਕਾ ਨੂੰ ਘਰ ਚਲਾਉਣ ਵਿਚ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਕਰੋਨਾ ਦੇ ਡਰ ਤੋਂ ਘਰਾ ਤੋ ਬਾਹਰ ਨਹੀ ਨਿਕਲ ਰਹੇ ਅਤੇ ਸਰਕਾਰ ਵੱਲੋਂ ਬਣਾਏ ਨਿਯਮਾੀ ਦੀ ਪਾਲਣਾ ਕਰ ਰਹੇ ਹਨ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ। ਵਿਧਾਇਕ ਬੈਂਸ ਨੇ ਕਿਹਾ ਕਿ ਇਸ ਸਮੇਂ ਸਭ ਤੋ ਮਾੜੇ ਹਾਲਾਤ ਟੈਕਸੀ ਚਾਲਕ ਅਤੇ ਆਟੋ ਰਿਕਸ਼ਾ ਚਲਾਉਣ ਵਾਲਿਆਂ ਦੇ ਹਨ। ਜੋ ਪਿਛਲੇ ਇਕ ਸਾਲ ਤੋਂ ਕਰੋਨਾ ਮਹਾਮਾਰੀ ਦੀ ਮਾਰ ਝੱਲਦੇ ਆ ਰਹੇ ਹਨ ਅਤੇ ਹੁਣ ਫਿਰ ਕਈ ਦਿਨਾਂ ਤੋਂ ਆਪਣਾ ਕੰਮ ਨਹੀਂ ਕਰ ਸਕੇ ਅਤੇ ਘਰ ਵਿਚ ਬੈਠਣ ਲਈ ਮਜਬੂਰ ਹਨ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਘਰ ਦਾ ਰਾਸ਼ਨ, ਬਿਜਲੀ ਦਾ ਬਿੱਲ, ਬੱਚਿਆ ਦੀਆ ਸਕੂਲ ਦੀ ਫੀਸਾ ਸਰਕਾਰ ਦਾ ਕੋਈ ਹੱਲ ਕਰੇ।