ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਮਾਰਚ
ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਸਿੱਧਵਾਂ ਬੇਟ ਦੇ ਕਿਸਾਨਾਂ ਲਈ ਬਹਾਰ ਰੁੱਤ ਦੀਆਂ ਫਸਲਾਂ ਸਬੰਧੀ ਜਾਣਕਾਰੀ ਦੇਣ ਲਈ ਖਾਸ ਸਮਾਗਮ ਦਾ ਪ੍ਰਬੰਧ ਕੀਤਾ। ਨੈਸ਼ਨਲ ਫੂਡ ਸਕਿਉਰਟੀ ਮਿਸ਼ਨ ਤਹਿਤ ਕਿਸਾਨਾਂ ਨੂੰ ਮੂੰਗੀ ਐੱਸਐੱਮਸੀ-832 ਦਾ ਬੀਜ ਵੀ ਵੰਡਿਆ ਗਿਆ। ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਸੁਰਜੀਤ ਸਿੰਘ ਜੰਡੀ ਅਤੇ ਉਪ-ਚੇਅਰਮੈਨ ਗੁਲਵੰਤ ਸਿੰਘ ਮਾਰਕੀਟ ਕਮੇਟੀ ਸਿੱਧਵਾਂ ਬੇਟ ਨੇ ਸਾਂਝੇ ਤੌਰ ਤੇ ਕੀਤੀ। ਚੇਅਰਮੈਨ ਸੁਰਜੀਤ ਸਿੰਘ ਜੰਡੀ ਨੇ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਦਾ ਉੱਤਮ ਝਾੜ ਅਤੇ ਵੱਧ ਮੁਨਾਫਾ ਲੈਣ ਲਈ ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਹੂ-ਬ-ਹੂ ਪਾਲਣਾ ਕੀਤੀ ਜਾਵੇ। ਉਪ-ਚੇਅਰਮੈਨ ਗੁਲਵੰਤ ਸਿੰਘ ਨੇ ਆਖਿਆ ਵਿਭਾਗ ਵੱਲੋਂ ਵੰਡੇ ਜਾ ਰਹੇ ਮੂੰਗੀ ਬੀਜ਼ ਦਾ ਰੇਟ ਸੌ ਰੁਪਏ ਪ੍ਰਤੀ ਕਿੱਲੋ ਹੈ ਇਸ ਉਪਰ 25 ਰੁਪਏ ਪ੍ਰਤੀ ਕਿੱਲੋ ਸਬਸਿਡੀ ਦਿੱਤੀ ਜਾ ਰਹੀ ਹੈ। ਵਿਭਾਗ ਦੇ ਡਾ.ਗੁਰਮੁੱਖ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਮੂੰਗੀ ਦੀ ਬਿਜਾਈ 20 ਮਾਰਚ ਤੋਂ 10 ਅਪਰੈਲ ਦੇ ਵਿਚਕਾਰ ਕੀਤੀ ਜਾਵੇ। ਪ੍ਰਤੀ ਏਕੜ 15 ਕਿੱਲੋ ਅਤੇ 12 ਕਿੱਲੋ ਹੀ ਵਰਤਿਆ ਜਾਵੇ। ਜ਼ਮੀਨ ਨੂੰ ਸਦੀਵੀ ਉਪਜਾਊ ਰੱਖਣ ਲਈ ਜੰਤਰ ਵਗੈਰਾ ਦੀ ਹਰੀ ਖਾਦ ਵੀ ਪਾਈ ਜਾਵੇ।