ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਅਪਰੈਲ
ਨਗਰ ਕੌਂਸਲ ਵੱਲੋਂ ਪਿੰਡ ਰਸੂਲੜਾ ਕੋਲ ਬਣਾਇਆ ਕੂੜੇ ਦਾ ਡੰਪ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਡੰਪ ਨੂੰ ਅੱਗ ਲੱਗਣ ਉਪਰੰਤ ਪਿੰਡ ਵਾਸੀਆਂ ਨੇ ਡੰਪ ਚੁਕਵਾਉਣ ਲਈ ਡੰਪ ਨੇੜੇ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਕੇ ਕੂੜੇ ਸੁੱਟਣਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਹੋਇਆ ਅਤੇ ਥਾਂ ਥਾਂ ਕੂੜੇ ਦੇ ਢੇਰ ਲੱਗ ਗਏ ਹਨ। ਹੁਣ ਪਿੰਡ ਵਾਸੀਆਂ ਨੇ ਅੱਗ ਲੱਗਣ ਉਪਰੰਤ ਫ਼ਸਲਾਂ ਤੇ ਪਿੰਡ ਵਿਚ ਬਿਮਾਰੀਆਂ ਫੈਲਣ ਦੇ ਡਰ ਕਾਰਨ ਡੰਪ ਚੁਕਵਾਉਣ ਦਾ ਫੈਸਲਾ ਕਰ ਲਿਆ ਹੈ। ਜੇਕਰ ਇਹ ਸਮੱਸਿਆ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੀ ਸਥਿਤੀ ਹੋਰ ਵਿਗੜ ਜਾਵੇਗੀ। ਕੂੜਾ ਸੁੱਟਣ ਵਾਲਿਆਂ ਨੇ ਘਰਾਂ ’ਚੋਂ ਕੂੜਾ ਚੁੱਕ ਕੇ ਸ਼ਹਿਰ ਦੇ ਚੌਕਾਂ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ ਹੈ।
ਇਸ ਦੌਰਾਨ ਕੂੜਾ ਚੁੱਕਣ ਵਾਲੀ ਕੰਪਨੀ ਦੇ ਠੇਕੇਦਾਰ ਰਾਜੇਸ਼ ਵਾਲੀਆ ਨੇ ਕਿਹਾ ਕਿ ਸ਼ਹਿਰ ਵਿਚ ਰੋਜ਼ਾਨਾ ਸੈਂਕੜੇ ਟਨ ਕੂੜਾ ਇੱਕਠਾ ਹੋ ਰਿਹਾ ਹੈ। ਮੁੱਖ ਡੰਪ ਨੂੰ ਅੱਗ ਲੱਗਣ ਉਪਰੰਤ ਪਿੰਡ ਵਾਸੀਆਂ ਨੇ ਡੰਪ ’ਤੇ ਕੂੜਾ ਸੁੱਟਣ ਖਿਲਾਫ ਧਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਕੂੜਾ ਨਹੀਂ ਸੁੱਟਿਆ ਜਾ ਰਿਹਾ। ਉਨ੍ਹਾਂ ਨੂੰ ਪ੍ਰਸ਼ਾਸਨ ਨੇ ਹੁਕਮ ਦੇਣਾ ਹੈ ਕਿ ਕੂੜਾ ਕਿੱਥੇ ਸੁੱਟਣਾ ਹੈ, ਜਿੱਥੇ ਕਹਿਣਗੇ ਕੂੜਾ ਉੱਥੇ ਸੁੱਟ ਦਿੱਤਾ ਜਾਵੇਗਾ।
ਮਸਲੇ ਦਾ ਹੱਲ ਕੱਢਿਆ ਜਾ ਰਿਹਾ ਹੈ: ਕੌਂਸਲ ਪ੍ਰਧਾਨ
ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾ ਰਿਹਾ ਹੈ। ਈਓ ਚਰਨਜੀਤ ਸਿੰਘ ਨੇ ਕਿਹਾ ਕਿ ਧਰਨਾ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ, ਜੇਕਰ ਮਾਮਲਾ ਹੱਲ ਨਾ ਹੋਇਆ ਤਾਂ ਪੁਲੀਸ ਦੀ ਮਦਦ ਲਈ ਜਾਵੇਗੀ।
ਡੰਪ ’ਤੇ ਕੂੜਾ ਸੁੱਟਣ ਨਹੀਂ ਦਿੱਤਾ ਜਾਵੇਗਾ: ਸੰਘਰਸ਼ ਕਮੇਟੀ
ਇੱਥੋਂ ਦੇ ਨੇੜਲੇ ਪਿੰਡ ਰਸੂਲੜਾ ਮਾਜਰੀ ਕੋਲ ਕੂੜਾ ਡੰਪ ਪਲਾਂਟ ਬੰਦ ਕਰਾਉਣ ਲਈ ਕੂੜਾ ਡੰਪ ਸੰਘਰਸ਼ ਕਮੇਟੀ ਦਾ ਸੰਘਰਸ਼ ਚੌਥੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਇਹ ਜਗ੍ਹਾ ਕੂੜਾ ਡੰਪ ਲਈ ਨਹੀਂ ਸੀ, ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਜਗ੍ਹਾ ਸੀ, ਜਿਸ ਵਿਚ ਪਾਣੀ ਨੂੰ ਟ੍ਰੀਟਮੈਂਟ ਕਰ ਕੇ ਅੱਗੇ ਸੂਏ ਵਿਚ ਪਾਇਆ ਜਾ ਰਿਹਾ ਸੀ ਪਰ ਹੁਣ ਇਥੇ ਸਾਰੇ ਸ਼ਹਿਰ ਦਾ ਕੂੜਾ ਇੱਕਠਾ ਕੀਤਾ ਜਾਂਦਾ ਹੈ। ਅੱਜ ਸੰਘਰਸ਼ ਦੌਰਾਨ ਕੂੜਾ ਡੰਪ ਬੰਦ ਕਰਾਉਣ ਵਾਲੀ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਉਹ ਇੱਥੇ ਕੂੜਾ ਨਹੀਂ ਸੁੱਟਣ ਦੇਣਗੇ ਕਿਉਂਕਿ ਇਹ ਜਗ੍ਹਾ ਕੂੜਾ ਕਰਕਟ ਵਾਲੀ ਨਹੀਂ ਤੇ ਹਰ ਸਾਲ ਇੱਥੇ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਮੌਕੇ ਜਸਬੀਰ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਗੁਰਦੀਪ ਸਿੰਘ, ਕਸ਼ਮੀਰਾ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਦੇਵ ਸਿੰਘ, ਸੁਖਵਿੰਦਰ ਸਿੰਘ, ਹਰਮੇਸ਼ ਸਿੰਘ ਆਦਿ ਹਾਜ਼ਰ ਸਨ।