ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਫਰਵਰੀ
ਸਮਾਰਟ ਸਿਟੀ ਲੁਧਿਆਣਾ ਵਿੱਚ ਘਰਾਂ ਵਿੱਚੋਂ ਨਿਕਲਦੇ ਕੂੜੇ ਦੀ ਸਾਂਭ-ਸੰਭਾਲ ਲਈ ਭਾਵੇਂ ਕਈ ਥਾਵਾਂ ’ਤੇ ਕੰਪੈਕਟਰ ਲੱਗ ਚੁੱਕੇ ਹਨ ਪਰ ਅਜੇ ਵੀ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਮਸ਼ੀਨਰੀ ਦੀ ਥਾਂ ਸਿਰਫ਼ ਸੋਹਣੇ ਸ਼ੈੱਡ ਹੀ ਖੜ੍ਹੇ ਦਿਖਾਈ ਦੇ ਰਹੇ ਹਨ। ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਸ਼ਹਿਰ ਦੀਆਂ ਅਜਿਹੀਆਂ ਥਾਵਾਂ ’ਤੇ ਕੰਪੈਕਟਰ ਲਗਾਏ ਜਾ ਰਹੇ ਹਨ ਜਿੱਥੇ ਕਦੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਰਹਿੰਦੇ ਸਨ। ਨਵੇਂ ਬਣੇ ਵਧੀਆ ਸ਼ੈੱਡਾਂ ਨੇ ਭਾਵੇਂ ਇਨ੍ਹਾਂ ਥਾਵਾਂ ਨੇੜੇ ਰਹਿੰਦੇ ਲੋਕਾਂ ਨੂੰ ਰਾਹਤ ਦਿੱਤੀ ਹੈ ਪਰ ਆਮ ਲੋਕਾਂ ਨੂੰ ਕੂੜਾ ਸੁੱਟਣ ਲਈ ਕੋਈ ਥਾਂ ਨਹੀਂ ਲੱਭ ਰਹੀ। ਕਈ ਲੋਕ ਤਾਂ ਮਜਬੂਰ ਹੋ ਕੇ ਸੋਹਣੇ ਸ਼ੈੱਡਾਂ ਦੀਆਂ ਕੰਧਾਂ ਦੇ ਨਾਲ ਹੀ ਕੂੜਾ ਸੁੱਟਣ ਲੱਗ ਪਏ ਹਨ। ਕਈਆਂ ਵੱਲੋਂ ਸੜਕਾਂ ਦੇ ਕਿਨਾਰਿਆਂ ਅਤੇ ਕਈਆਂ ਵੱਲੋਂ ਖਾਲੀ ਪਲਾਟਾਂ ਵਿੱਚ ਹੀ ਗੰਦਗੀ ਫੈਲਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਡਿਵੀਜ਼ਨ ਨੰਬਰ ਤਿੰਨ, ਚੀਮਾ ਚੌਕ ਅਤੇ ਹੋਰ ਰਹਿੰਦੀਆਂ ਥਾਵਾਂ ’ਤੇ ਵੀ ਕੰਪੈਕਟਰ ਲਾ ਕੇ ਕੂੜੇ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ। ਦੂਜੇ ਪਾਸੇ ਵਰਧਮਾਨ ਨੇੜੇ ਬੱਚਿਆਂ ਦੇ ਹਸਪਤਾਲ ਸਾਹਮਣੇ ਵਾਲੇ ਕੂੜਾ ਡੰਪ ਭਾਵੇਂ ਬੰਦ ਕਰ ਦਿੱਤਾ ਗਿਆ ਹੈ ਪਰ ਚੰਡੀਗੜ੍ਹ ਰੋਡ ’ਤੇ ਸਬਜ਼ੀ ਮੰਡੀ ਨੇੜੇ ਨਵੀਂ ਥਾਂ ’ਤੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ।