ਗਗਨਦੀਪ ਅਰੋੜਾ
ਲੁਧਿਆਣਾ, 1 ਜੁਲਾਈ
ਪੁਲੀਸ ਨੇ ਬੀਤੇ ਦਿਨ ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਪੱਖੋਵਾਲ ਰੋਡ ’ਤੇ ਫਰਜ਼ੀ ਕਾਲ ਸੈਂਟਰ ’ਤੇ ਛਾਪੇ ਮਾਰ ਕੇ ਪਰਦਾਫਾਸ਼ ਕੀਤਾ ਸੀ। ਅੱਜ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਇਸ ਮਾਮਲੇ ’ਚ ਪੁਲੀਸ ਨੇ 27 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 14.5 ਲੱਖ ਰੁਪਏ ਨਕਦੀ, 31 ਮੋਬਾਈਲ ਫੋਨ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਚਾਰ ਅਫ਼ਰੀਕੀ ਦੇਸ਼ਾਂ ਦੇ ਲੋਕ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗਰੋਹ ਚਲਾਉਣ ’ਚ ਸਭ ਤੋਂ ਅਹਿਮ ਰੋਲ ਲਖਨ ਅਬਰੋਲ, ਜਤਿਨ, ਅਮਿਤ ਦੇ ਨਾਲ ਨਾਲ ਕੁਝ ਹੋਰ ਲੋਕਾਂ ਦਾ ਹੈ। ਪੁਲੀਸ ਅਨੁਸਾਰ ਮੁਲਜ਼ਮ ਕੌਮਾਂਤਰੀ ਪੱਧਰ ’ਤੇ ਠੱਗੀ ਮਾਰਦੇ ਸਨ। ਪੁਲੀਸ ਕੋਲ ਸੂਚਨਾ ਸੀ ਕਿ ਮੁਲਜ਼ਮ ਵੀਆਈਸੀਆਈ ਡਾਇਲ ਸਾਫ਼ਟਵੇਅਰ ਦੀ ਮਦਦ ਨਾਲ ਯੂਕੇ, ਯੂਐੱਸਏ ਤੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਦਾ ਡਾਟਾ ਹਾਸਿਲ ਕਰਦੇ ਸਨ। ਫਿਰ ਵਿਭਾਗ ਆਫ਼ ਵਰਕ ਐਂਡ ਪੈਨਸ਼ਨ ਦੇ ਫਰਜ਼ੀ ਅਧਿਕਾਰੀ ਬਣ ਕੇ ਉਨ੍ਹਾਂ ਦੇ ਮੋਬਾਈਲ ’ਤੇ ਕਾਲ ਕਰਦੇ ਸਨ। ਉਨ੍ਹਾਂ ਦੀ ਫਰਾਡ ਰਿਪੋਰਟ ਬਣਨ ਦਾ ਡਰ ਦਿਖਾ ਕੇ ਉਨ੍ਹਾਂ ’ਤੇ ਕੇਸ ਦਰਜ ਕਰਨ ਦਾ ਕਹਿ ਕੇ ਧਮਕਾਇਆ ਜਾਂਦਾ ਸੀ। ਇਸੇ ਦੀ ਆੜ ’ਚ ਉਹ ਐੱਨਆਰਆਈ ਲੋਕਾਂ ਤੋਂ ਹਵਾਲਾ ਦੇ ਰਾਹੀਂ ਲੱਖਾਂ ਰੁਪਏ ਦੀ ਮੋਟੀ ਰਕਮ ਪੰਜਾਬ ’ਚ ਮੰਗਵਾਉਂਦੇ ਸੀ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਇਸ ਧੰਦੇ ਨੂੰ ਪੂਰੀ ਯੋਜਨਾ ਨਾਲ ਅੰਜਾਮ ਦਿੰਦੇ ਸਨ। ਮੁਲਜ਼ਮ ਕਿਸੇ ਗਾਹਕ ਨੂੰ ਫੋਨ ਕਰਦੇ ਤਾਂ ਬਤੌਰ ਸਾਫ਼ਟਵੇਅਰ ਕਾਲ ਕਰਦੇ ਸਨ। ਸਾਫ਼ਟਵੇਅਰ ਤਹਿਤ ਪਹਿਲਾਂ ਕੰਪਿਊਟਰ ਗੱਲ ਕਰਦਾ ਸੀ ਤੇ ਜਦੋਂ ਸਾਹਮਣੇ ਵਾਲਾ ਕੋਈ ਬਟਨ ਦੱਬਦਾ ਸੀ ਤਾਂ ਮੁਲਜ਼ਮਾਂ ਕੋਲ ਫੋਨ ਟਰਾਂਸਫਰ ਹੁੰਦਾ ਸੀ, ਜਿਸ ਤੋਂ ਬਾਅਦ ਧੰਦੇ ਨੂੰ ਅੰਜਾਮ ਦੇਣ ਦਾ ਕੰਮ ਸ਼ੁਰੂ ਹੁੰਦਾ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਸਾਫ਼ਟਵੇਅਰ ’ਤੇ ਹਜ਼ਾਰਾਂ ਰੁਪਏ ਖਰਚ ਕਰਦੇ ਸਨ। ਸਾਫ਼ਟਵੇਅਰ ਅਜਿਹੇ ਹੁੰਦੇ ਸਨ ਕਿ ਇੱਕ ਦਿਨ ਦਾ ਕਿਰਾਇਆ 25 ਹਜ਼ਾਰ ਰੁਪਏ ਤੱਕ ਦਾ ਹੁੰਦਾ ਸੀ।
ਵਿਦੇਸ਼ਾਂ ’ਚ ਵੀ ਹਨ ਮੁਲਜ਼ਮਾਂ ਦੇ ਕਈ ਸਾਥੀ
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਾਥੀ ਵਿਦੇਸ਼ਾਂ ’ਚ ਵੀ ਬੈਠੇ ਹਨ। ਉਹ ਉਥੇ ਦੇ ਖਾਤਾ ਨੰਬਰ ਦੇ ਕੇ ਪੈਸੇ ਟਰਾਂਸਫਰ ਕਰਵਾਉਂਦੇ ਸਨ ਤੇ ਉਥੋਂ ਹਵਾਲਾ ਦੇ ਰਾਹੀਂ ਪੈਸੇ ਮੰਗਵਾਉਂਦੇ ਸਨ। ਮੁਲਜ਼ਮ ਹਵਾਲਾ ਦੇ ਰਾਹੀਂ ਨਾਲ ਨਾਲ ਬਿੱਟ ਕੁਆਇਨ ਦੇ ਰਾਹੀਂ ਵੀ ਪੈਸੇ ਮੰਗਵਾਉਂਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਲਖਨ ਦਿੱਲੀ ਤੋਂ ਇਸ ਚੀਜ਼ ਦੀ ਖਾਸ ਸਿਖਲਾਈ ਲੈ ਕੇ ਆਇਆ ਸੀ। ਪੁਲੀਸ ਅੱਗੇ ਵੀ ਮਾਮਲੇ ਦੀ ਜਾਂਚ ਕਰਨ ’ਚ ਲੱਗੀ ਹੋਈ ਹੈ ਤਾਂ ਕਿ ਹੋਰ ਗੱਲਾਂ ਸਾਹਮਣੇ ਆ ਸਕਣ।
ਸੈਂਟਰ ਬਾਹਰ ਲਗਾਇਆ ਹੋਇਆ ਸੀ ਨਿੱਜੀ ਫੋਨ ਕੰਪਨੀ ਦਾ ਬੋਰਡ
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਜਿਸ ਥਾਂ ’ਤੇ ਦਫ਼ਤਰ ਬਣਾਇਆ ਸੀ, ਉਸਦੇ ਬਾਹਰ ਇੱਕ ਨਿੱਜੀ ਫੋਨ ਕੰਪਨੀ ਦਾ ਬੋਰਡ ਲਾ ਰੱਖਿਆ ਸੀ। ਜੇਕਰ ਕੋਈ ਆਮ ਵਿਅਕਤੀ ਦਾਖਲ ਹੁੰਦਾ ਤਾਂ ਅੰਦਰ ਬਤੌਰ ਦਫ਼ਤਰ ਦੇ ਤਰੀਕੇ ਨਾਲ ਕੰਮ ਹੁੰਦਾ ਸੀ। ਇਸ ਕਾਰਨ ਕਿਸੇ ਨੂੰ ਵੀ ਜਲਦੀ ਸ਼ੱਕ ਨਹੀਂ ਹੁੰਦਾ ਸੀ। ਕਈ ਵਾਰ ਪਹਿਲਾਂ ਵੀ ਸੂਚਨਾ ਮਿਲੀ ਸੀ ਪਰ ਕੋਈ ਲਿੰਕ ਨਹੀਂ ਮਿਲ ਰਿਹਾ ਸੀ।