ਪੱਤਰ ਪ੍ਰੇਰਕ
ਪਾਇਲ, 9 ਮਈ
ਪਿੰਡ ਧਮੋਟ ਕਲਾਂ ਦੀ ਜੰਮਪਲ ਜਸ਼ਨਦੀਪ ਕੌਰ ਗਿੱਲ ਨੇ ਇਟਲੀ ਦੇ ਸ਼ਹਿਰ ਆਰੇਸੋ ਵਿੱਚ ਹੋਈ ਕੌਮਾਂਤਰੀ ਘੋੜ ਸਵਾਰੀ 100 ਕਿਲੋਮੀਟਰ ਦੇ ਮੁਕਾਬਲੇ ਵਿੱਚ ਭਾਰਤ ਦੇ ਤਿਰੰਗੇ ਝੰਡੇ ਨੂੰ ਲਹਿਰਾਉਂਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਇਟਲੀ ਦੇ ਸ਼ਹਿਰ ਵਿੱਚ ਵਸਦੇ ਰਵੀ ਗਿੱਲ ਦੀ ਬੇਟੀ ਜਸ਼ਨਦੀਪ ਨੇ 2015 ਵਿੱਚ ਇਟਲੀ ’ਚ ਪੜ੍ਹਾਈ ਦੇ ਨਾਲ-ਨਾਲ ਘੋੜਸਵਾਰੀ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਤੇ 2017 ਵਿੱਚ 30 ਕਿਲੋਮੀਟਰ ਘੋੜ ਸਵਾਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਸ਼ਨਦੀਪ ਨੇ ਸਿਖਲਾਈ ਕੋਚ ਪੀਏਤਰੋ ਮੋਨਤੇ ਅਤੇ ਸਾਰਾ ਗੁਸੋਨੀ ਤੋਂ ਪ੍ਰਾਪਤ ਕੀਤੀ। ਜਸ਼ਨਦੀਪ ਕੌਰ ਗਿੱਲ ਦੇ ਪਿਤਾ ਰਵੀ ਗਿੱਲ ਨੇ ਤਿਰੰਗੇ ਝੰਡੇ ਨਾਲ ਘੋੜ ਸਵਾਰੀ ਕਰਨ ਦੀ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਸਦੀ ਹੋਣਹਾਰ ਬੇਟੀ ਨੇ ਜਿੱਥੇ ਭਾਰਤ ਦਾ ਨਾਂ ਰੋਸ਼ਨ ਕੀਤਾ ਉੱਥੇ ਇਟਲੀ ਵਿੱਚ ਪੰਜਾਬੀ ਭਾਈਚਾਰੇ ਦਾ ਮਾਣ ਵੀ ਵਧਾਇਆ ਹੈ। ਜਸ਼ਨਦੀਪ ਨੇ ਪੰਜਾਬੀ ਦੇ ਨਾਲ-ਨਾਲ ਇਟਾਲੀਅਨ, ਫਰੈਂਚ, ਸਪੈਨਿਸ਼ ਤੇ ਡੱਚ ਆਦਿ ਭਾਸ਼ਾਵਾਂ ਵਿੱਚ ਵੀ ਡਿਗਰੀ ਹਾਸਲ ਕੀਤੀ ਹੈ।