ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 10 ਜੂਨ
ਸੰਗਰੂਰ ਵਿਚ ਹੋਣ ਜਾ ਰਹੀ ਲੋਕ ਸਭਾ ਚੋਣ ਦੇ ਮੱਦੇਨਜ਼ਰ ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ ਵਿਚ ਸਥਾਨਕ ਪੁਲੀਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਭਾਵੇਂ ਸਥਾਨਕ ਸ਼ਹਿਰ ਸੰਗਰੂਰ ਲੋਕ ਸਭਾ ਅਧੀਨ ਨਹੀਂ ਪੈਂਦਾ ਅਤੇ ਨਾ ਹੀ ਇੱਥੇ ਵੋਟਾਂ ਪੈਣੀਆਂ ਹਨ ਪਰ ਸ਼ਹਿਰ ਦੇ ਨਾਲ ਲੱਗਦੇ ਕੁੱਝ ਪਿੰਡ ਚੋਣ ਵਾਲੇ ਹਲਕੇ ਵਿੱਚ ਪੈਂਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਕਾਰਕੁਨ ਵੀ ਆਪਣੇ ਉਮੀਦਵਾਰਾਂ ਦੀ ਚੋਣ ਮੁਹਿੰਮ ਵਿੱਚ ਸਰਗਰਮ ਹਿੱਸਾ ਲੈ ਰਹੇ ਹਨ ਅਤੇ ਬਾਹਰਲੇ ਆਗੂ ਵੀ ਉਨ੍ਹਾਂ ਕੋਲ ਆ ਕੇ ਰੁਕਦੇ ਹਨ। ਐੱਸਐਚਓ ਸਦਰ ਸਿਕੰਦਰ ਸਿੰਘ, ਐੱਸਐਚਓ ਜੌੜੇ ਪੁਲ ਸੁਖਵਿੰਦਰ ਸਿੰਘ ਅਤੇ ਐੱਸਐਚਓ ਸਿਟੀ ਗੁਰਪ੍ਰੀਤ ਕੌਰ ਦੀ ਰਹਿਨੁਮਾਈ ਵਾਲੀ ਫੋਰਸ ਤੋਂ ਇਲਾਵਾ ਨੀਮ ਫੌਜੀ ਸੁਰੱਖਿਆ ਕਰਮੀਆਂ ਨੇ ਵੀ ਫਲੈਗ ਮਾਰਚ ਵਿੱਚ ਹਿੱਸਾ ਲਿਆ। ਵੱਖ-ਵੱਖ ਥਾਈਂ ਸੰਬੋਧਨ ਕਰਦਿਆਂ ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਤੱਕ ਆਮ ਨਾਲੋਂ ਜ਼ਿਆਦਾ ਚੌਕਸ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਪੁਲੀਸ ਨੂੰ ਤੁਰੰਤ ਇਤਲਾਹ ਦੇਣ। ਇਸ ਤੋਂ ਇਲਾਵਾ ਅਜਨਬੀ ਵਿਅਕਤੀਆਂ ਦੇ ਇਲਾਕੇ ਵਿੱਚ ਆਉਣ ਬਾਰੇ ਵੀ ਪੁਲੀਸ ਨੂੰ ਦੱਸਿਆ ਜਾਵੇ।