ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਹੋਣੀਆਂ ਹਨ। ਪ੍ਰਸ਼ਾਸ਼ਨ ਵੱਲੋਂ ਇਸ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਨਅਤੀ ਸ਼ਹਿਰ ਵਿੱਚ ਪੁਲੀਸ ਪ੍ਰਸਾਸ਼ਨ ਨੇ ਸੁਰੱਖਿਆ ਪ੍ਰਬੰਧ ਪੂਰੇ ਕਰਨੇ ਸੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੁਲੀਸ ਦੇ ਵੱਲੋਂ ਮੰਗਲਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ’ਚ ਫਲੈਗ ਮਾਰਚ ਕੱਢਿਆ, ਜਿਸ ਦੀ ਅਗਵਾਈ ਥਾਣਾ ਇੰਚਾਰਜਾਂ ਦੇ ਨਾਲ ਨਾਲ ਉਚ ਅਧਿਕਾਰੀਆਂ ਨੇ ਕੀਤੀ। ਹਰ ਫਲੈਗ ਮਾਰਚ ਦਾ ਸਮਾਂ ਵੱਖ-ਵੱਖ ਰਿਹਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੈਗ ਮਾਰਚ ਦਾ ਉਦੇਸ਼ ਲੋਕਾਂ ਨਿਰਪੱਖ ਅਤੇ ਨਿਡਰ ਹੋ ਕੇ ਵੋਟਾਂ ਪਾਉਣ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ। ਡੇਹਲੋਂ ਥਾਣੇ ਦੀ ਪੁਲੀਸ ਵੱਲੋਂ ਜੱਸੋਵਾਲ, ਕਿਲ੍ਹਾ ਰਾਏਪੁਰ, ਪੋਹੀੜ, ਡੇਹਲੋਂ, ਸਾਇਆ ਕਲਾਂ, ਬੁੱਟਾ, ਖਾਨਪੁਰ, ਪਿੰਡ ਘਵੱਦੀ, ਸਰੀਂਦ, ਜਰਖੜ, ਆਲਮਗੀਰ ਤੇ ਜਸਪਾਲ ਬਾਂਗਰ ’ਚ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਪੁਲੀਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਗੱਲ ਤੋਂ ਵੀ ਡਰੇ ਨਹੀਂ, ਪੁਲੀਸ ਹਰ ਸਮੇਂ ਉਨ੍ਹਾਂ ਦੀ ਸੇਵਾ ’ਚ ਤੱਤਪਰ ਹਨ। ਇਸ ਦੇ ਨਾਲ ਨਾਲ ਥਾਣਾ ਸਦਰ ਦੀ ਪੁਲੀਸ ਨੇ ਪਿੰਡ ਸੰਗੋਵਾਲ, ਗਿੱਲ, ਧਾਂਦਰਾ, ਲਲਤੋ, ਦਾਦ, ਥਰੀਕੇ, ਕਨਾਲ ਇਨਕਲੇਵ, ਪਿੰਡ ਬ੍ਰਾਹਮਣ ਮਾਜਰਾ, ਮੁਹੱਲਾ ਸ਼ਹੀਦ ਜਸਦੇਵ ਸਿੰਘ ਨਗਰ, ਮੁਹੱਲਾ ਸੈਂਸੀ ਬਰਾਦਰੀ, ਮੁਹੱਲਾ ਬਚਿੱਤਰ ਨਗਰ ਤੇ ਸਹੀਦ ਭਗਤ ਸਿੰਘ ਇਲਾਕੇ ’ਚ ਫਲੈਗ ਮਾਰਚ ਕੀਤਾ। ਇਸੇ ਤਰ੍ਹਾਂ ਥਾਣਾ ਦੁੱਗਰੀ ਦੀ ਪੁਲੀਸ ਨੇ ਭਾਈ ਹਿੰਮਤ ਸਿੰਘ ਨਗਰ, ਮੁਹੱਲਾ ਬਾਬਾ ਦੀਪ ਸਿੰਘ ਨਗਰ ਤੇ ਪਿੰਡ ਦੁੱਗਰੀ ਸਥਿਤ ਮੁਹੱਲਾ ਸ਼ਹੀਦ ਬਾਬਾ ਦੀਪ ਸਿੰਘ ਨਗਰ ’ਚ ਫਲੈਗ ਮਾਰਚ ਕੀਤਾ। ਸਰਾਭਾ ਨਗਰ ਪੁਲੀਸ ਨੇ ਇਆਲੀ ਕਲਾਂ, ਬੈਂਸ ਪਿੰਡ ਅਤੇ ਜਹਿਮਤ ਇਲਾਕੇ ’ਚ ਫਲੈਗ ਮਾਰਚ ਕੀਤਾ। ਇਸੇ ਤਰ੍ਹਾਂ ਥਾਣਾ ਪੀਏਯੂ ਦੀ ਪੁਲੀਸ ਨੇ ਇਆਲੀ ਖੁਰਦ ਅਤੇ ਪ੍ਰਤਾਪ ਸਿੰਘ ਵਾਲਾ ’ਚ ਫਲੈਗ ਮਾਰਚ ਕੀਤਾ। ਇਸ ਦੇ ਨਾਲ ਨਾਲ ਥਾਣਾ ਹੈਬੋਵਾਲ, ਹੈਬੋਵਾਲ ਅਤੇ ਥਾਣਾ ਸਲੇਮ ਟਾਬਰੀ ਪੁਲੀਸ ਨੇ ਆਪਣੇ ਆਪਣੇ ਇਲਾਕਿਆਂ ’ਚ ਫਲੈਗ ਮਾਰਚ ਕੀਤਾ।