ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਜੁਲਾਈ
ਕ੍ਰਾਈਮ ਬ੍ਰਾਂਚ ਦੀ ਪੁਲੀਸ ਨੇ ਲੁਟੇਰਾ ਗਰੋਹ ਦੇ ਪੰਜ ਮੈਂਬਰਾਂ ਨੂੰ ਅਸਲੇ ਅਤੇ ਤੇਜ਼ਧਾਰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਏਸੀਪੀ ਇਨਵੈਸਟੀਗੇਸ਼ਨ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਇੰਸਪੈਕਟਰ ਬੇਅੰਤ ਜੁਨੇਜਾ ਨੇ ਇਸ ਗਰੋਹ ਨੂੰ ਕਾਬੂ ਕੀਤਾ ਹੈ।
ਸ੍ਰੀ ਬਰਾੜ ਨੇ ਦੱਸਿਆ ਕਿ ਸੀਆਈਏ ਦੇ ਥਾਣੇਦਾਰ ਰਣਜੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਥਾਣਾ ਟਿੱਬਾ ਦੇ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਕੂੜਾ ਡੰਪ ਨੇੜਲੇ ਖਾਲੀ ਪਲਾਟ ਵਿੱਚ ਗਰੋਹ ਦੇ ਮੈਂਬਰਾਂ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਯੋਜਨਾ ਬਣਾ ਰਹੇ ਸਨ। ਪੁਲੀਸ ਨੇ ਕਾਰਵਾਈ ਕਰਦਿਆਂ ਵਿਸ਼ੂ ਕੈਂਥ, ਵਿਨੈ ਕੁਮਾਰ, ਪ੍ਰਦੀਪ ਸਿੰਘ ਅਤੇ ਕਮਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦਾ ਇੱਕ ਸਾਥੀ ਸੋਨੂੰ ਕੁਮਾਰ ਨੂੰ ਹੌਲਦਾਰ ਸੁਬੇਲ ਸਿੰਘ ਤੇ ਪੁਲੀਸ ਪਾਰਟੀ ਨੇ ਅੱਜ ਦਸਮੇਸ਼ ਡੇਅਰੀ ਤਾਜਪੁਰ ਰੋਡ ਨੇੜਿਓਂ ਅਸਲੇ ਸਣੇ ਕਾਬੂ ਕੀਤਾ ਸੀ। ਸ੍ਰੀ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਦੇ ਚਾਰ ਸਾਥੀ ਵਿਸ਼ਾਲ ਗਿੱਲ ਤੇ ਰਮਨ ਰਾਜਪੂਤ ਸਣੇ ਦੋ ਅਣਪਛਾਤੇ ਮੌਕੇ ਤੋਂ ਫ਼ਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਵਿਸ਼ੂ ਕੈਂਥ ਹੋਟਲ ਮੈਨੇਜਮੈਂਟ ਦਾ ਵਿਦਿਆਰਥੀ ਹੈ ਜਦੋਂਕਿ ਵਿਨੈ ਦਾ ਟਰਾਂਸਪੋਰਟ ਨਗਰ ਵਿੱਚ ਟਰੱਕ ਧੋਣ ਦਾ ਕਾਰੋਬਾਰ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਾਂ ਨਿੱਕੀਆਂ ਨਿੱਕੀਆਂ ਵਾਰਦਾਤਾਂ ਕਰਦੇ ਸਨ ਪਰ ਜ਼ਿਆਦਾ ਪੈਸਿਆਂ ਦੀ ਮੰਗ ਪੂਰੀ ਕਰਨ ਲਈ ਇਨ੍ਹਾਂ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਸ ਲਈ ਇਹ ਇਕੱਠੇ ਹੋਏ ਸਨ ਤੇ ਪੁਲੀਸ ਅੜਿੱਕੇ ਆ ਗਏ। ਉਨ੍ਹਾਂ ਦੱਸਿਆ ਕਿ ਵਿਸ਼ੂ ਕੈਂਥ ਅਤੇ ਇਸ ਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਵੀ ਕਈ ਕੇਸ ਦਰਜ ਹਨ।