ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਦਸੰਬਰ
ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਨੇ ਉਤਰਾਖੰਡ ਵਾਸੀ ਆਕਾਸ਼ਦੀਪ ਸਿੰਘ ਸਮੇਤ ਪੰਜ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਰਾਭਾ ਨਗਰ ਵਾਸੀ ਮੋਨਾ ਸਿੰਘ ਪਤਨੀ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਧੀ ਜੰਨਤ ਕੌਰ ਦਾ ਵਿਆਹ ਆਕਾਸ਼ਦੀਪ ਸਿੰਘ ਨਾਲ ਹੋਇਆ ਸੀ ਜਦਕਿ ਉਸ ਦੇ ਪਹਿਲਾਂ ਹੀ ਦੋ ਵਿਆਹ ਹੋ ਚੁੱਕੇ ਸਨ। ਇਸ ਦੌਰਾਨ ਉਸ ਨੇ ਅਵਿਨਾਸ਼ ਕੌਰ ਨਾਲ ਚੌਥਾ ਵਿਆਹ ਕਰਾ ਲਿਆ। ਜਾਂਚ ਅਧਿਕਾਰੀ ਗੁਰਚਰਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਮੁਹੱਲਾ ਜ਼ਿਲ੍ਹਾ ਊਧਮ ਸਿੰਘ ਨਗਰ, (ਉਤਰਾਖੰਡ) ਵਾਸੀ ਆਕਾਸ਼ਦੀਪ ਸਿੰਘ, ਉਸ ਦੇ ਪਿਤਾ ਵਰਿੰਦਰਜੀਤ ਸਿੰਘ, ਮਾਤਾ ਸੁਖਵੀਰ ਕੌਰ, ਭਰਾ ਕੰਵਰਦੀਪ ਸਿੰਘ ਅਤੇ ਚੌਥੀ ਪਤਨੀ ਅਵਿਨਾਸ਼ ਕੌਰ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।
ਗੱਡੀ ਖੋਹਣ ਦੇ ਦੋਸ਼ ਤਹਿਤ ਪੰਜ ਖ਼ਿਲਾਫ਼ ਕੇਸ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ ): ਥਾਣਾ ਸਲੇਮ ਟਾਬਰੀ ਦੀ ਪੁਲੀਸ ਵੱਲੋਂ ਇਕ ਵਿਅਕਤੀ ਦੀ ਗੱਡੀ ਖੋਹਣ ਦੇ ਦੋਸ਼ ਤਹਿਤ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਭੋਰਾ ਕਲੋਨੀ ਜਲੰਧਰ ਬਾਈਪਾਸ ਵਾਸੀ ਰਾਮ ਲਾਲ ਨੇ ਦੱਸਿਆ ਹੈ ਕਿ 25 ਅਗਸਤ 2021 ਨੂੰ ਗੁਰਵਿੰਦਰ ਸਿੰਘ ਨੇ ਲਾਲੀ ਟੈਕਸੀ ਸਟੈਂਡ ਰਾਹੀਂ ਗੱਡੀ ਬੁੱਕ ਕਰਾਈ। ਜਦੋਂ ਉਸ ਨੇ ਗੱਡੀ ਭੇਜੀ ਤਾਂ ਗੁਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਡਰਾਈਵਰ ਦੀ ਕੁੱਟਮਾਰ ਕਰਦਿਆਂ ਗੱਡੀ ਉਸ ਪਾਸੋਂ ਖੋਹ ਲਈ। ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਮਨਜਿੰਦਰ ਸਿੰਘ ਵਾਸੀ ਰਿਸ਼ੀ ਨਗਰ, ਗੁਰਵਿੰਦਰ ਸਿੰਘ ਵਾਸੀ ਹੈਬੋਵਾਲ ਕਲਾਂ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਦੁੱਗਰੀ ਦੀ ਪੁਲੀਸ ਨੂੰ ਨਿਊ ਵਿਜੈ ਨਗਰ ਵਾਸੀ ਅਜੇ ਕੁਮਾਰ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਇਕਲ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਫੇਸ ਦੋ ਅਰਬਨ ਅਸਟੇਟ ਦੁੱਗਰੀ ਬਾਹਰੋਂ ਚੋਰੀ ਹੋ ਗਿਆ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਸ਼ਾਸਤਰੀ ਨਗਰ ਵਾਸੀ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਉਸ ਨੇ ਮੋਟਰਸਾਈਕਲ ਹਰਨਾਮ ਨਗਰ ਸਥਿਤ ਆਟਾ ਚੱਕੀ ਕੋਲ ਖੜ੍ਹਾ ਕੀਤਾ ਸੀ। ਜਿਸ ਨੂੰ ਕੋਈ ਚੋਰੀ ਕਰਕੇ ਲੈ ਗਿਆ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਨੂੰ ਰਮਨਦੀਪ ਕਾਲੋਨੀ ਭਾਮੀਆਂ ਰੋਡ ਵਾਸੀ ਵਰਿੰਦਰ ਕੁਮਾਰ ਨੇ ਦੱਸਿਆ ਹੈ ਕਿ ਉਹ ਵਰਧਮਾਨ ਨੇੜੇ ਲੱਗਦੀ ਸਬਜ਼ੀ ਮੰਡੀ ਵਿੱਚ ਗਿਆ ਸੀ ਅਤੇ ਉਥੋਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਸੰਜੇ ਗਾਂਧੀ ਕਾਲੋਨੀ ਤਾਜਪੁਰ ਰੋਡ ਵਾਸੀ ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਸੇਂਟ ਮੇਰੀ ਸਕੂਲ ਦੇ ਸਾਹਮਣਿਉਂ ਚੋਰੀ ਹੋ ਗਿਆ।