ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਅਕਤੂਬਰ
ਨੈਸ਼ਨਲ ਹਾਈਵੇਅ ਸਥਿਤ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਵਿੱਚ ਬੀਤੀ ਦੇਰ ਸ਼ਾਮ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਾਲੇ ਲੜਾਈ ਹੋ ਗਈ, ਜਿਸ ਦੌਰਾਨ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਦੋਵੇਂ ਧੜਿਆਂ ਦੇ ਵਿਦਿਆਰਥੀ ਮਨੀਪੁਰ ਤੇ ਬਿਹਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਸੂਚਨਾ ਮਿਲਣ ਮਗਰੋਂ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ। ਇਸ ਮਗਰੋਂ ਬਿਹਾਰ ਦੇ ਵਿਦਿਆਰਥੀਆਂ ਨੇ ਕਾਲਜ ਅੰਦਰ ਧਰਨਾ ਲਾ ਦਿੱਤਾ, ਜਿਸ ਕਾਰਨ ਕਾਲਜ ਅੰਦਰ ਤਣਾਅ ਪੈਦਾ ਹੋ ਗਿਆ ਤੇ ਕਾਲਜ ਬੰਦ ਕਰਨਾ ਪਿਆ। ਇਸੇ ਦੌਰਾਨ ਝਗੜੇ ਦੀਆਂ ਵੀਡੀਓ ਵਾਇਰਲ ਹੋਈਆਂ ਪਰ ਕਾਲਜ ਨੇ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ। ਬਿਹਾਰ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਮੈੱਸ ਅੰਦਰ ਖਾਣੇ ਬਾਰੇ ਆਪਸ ਵਿੱਚ ਬਹਿਸਬਾਜ਼ੀ ਹੋਈ ਸੀ, ਜਿਸ ਮਗਰੋਂ ਝਗੜਾ ਵਧ ਗਿਆ। ਮਨੀਪੁਰ ਦੇ ਵਿਦਿਆਰਥੀਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਾਲਜ ਪ੍ਰਬੰਧਕਾਂ ਤੋਂ ਇਨਸਾਫ਼ ਨਾ ਮਿਲਣ ਕਾਰਨ ਉਨ੍ਹਾਂ ਨੂੰ ਰੋਸ ਵਜੋਂ ਧਰਨਾ ਲਾਉਣਾ ਪਿਆ। ਕਾਲਜ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਇਹ ਕਾਲਜ ਦਾ ਅੰਦਰੂਨੀ ਮਸਲਾ ਹੈ, ਜਿਸ ਨੂੰ ਸੁਲਝਾ ਲਿਆ ਗਿਆ ਹੈ ਅਤੇ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ। ਥਾਣਾ ਸਦਰ ਮੁਖੀ ਨਛੱਤਰ ਸਿੰਘ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਨਾ ਮਿਲਣ ਕਾਰਨ ਪੁਲੀਸ ਨੇ ਕੋਈ ਕੇਸ ਦਰਜ ਨਹੀਂ ਕੀਤਾ ਹੈ। ਪਤਾ ਲੱਗਾ ਹੈ ਕਿ ਕਾਲਜ ਪ੍ਰਬੰਧਕਾਂ ਨੇ ਦੋਵੇਂ ਧਿਰਾਂ ’ਚ ਸਮਝੌਤਾ ਕਰਵਾ ਦਿੱਤਾ ਹੈ।