ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਸਤੰਬਰ
ਸ਼ਹਿਰ ਦੇ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ਵਿੱਚ ਘਰ ਅੰਦਰ ਹੀ ਸਕੈਨ ਸੈਂਟਰ ਖੋਲ੍ਹ ਕੇ ਭਰੂਣ ਲਿੰਗ ਜਾਂਚ ਕਰਨ ਦੇ ਮਾਮਲੇ ਦੀ ਜਾਂਚ ਵਿੱਚ ਕਈ ਪ੍ਰਾਈਵੇਟ ਹਸਪਤਾਲ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਥਾਣਾ ਸਦਰ ਦੀ ਪੁਲੀਸ ਨੇ ਇਸ ਮਾਮਲੇ ਵਿੱਚ ਸਿਵਲ ਸਰਜਨ ਡਾ. ਹਤਿੰਦਰ ਕੌਰ ਦੀ ਸ਼ਿਕਾਇਤ ’ਤੇ ਇੰਦਰਾ ਕਲੋਨੀ ਵਾਸੀ ਕਰਨ ਤੇ ਸ਼ਹੀਦ ਕਰਨੈਲ ਸਿੰਘ ਨਗਰ ਵਾਸੀ ਰੁਪਿੰਦਰ ਸਿੰਘ ਗਿੱਲ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨ ਇੱਕ ਪ੍ਰਾਈਵੇਟ ਹਸਪਤਾਲ ’ਚ ਬਤੌਰ ਪੀਆਰਓ ਕੰਮ ਕਰ ਚੁੱਕਿਆ ਹੈ। ਉਹ ਜਲਦੀ ਪੈਸੇ ਕਮਾਉਣ ਦੇ ਚੱਕਰ ਵਿੱਚ ਦਿੱਲੀ ਤੋਂ ਅਲਟਰਾਸਾਊਂਡ ਮਸ਼ੀਨ ਖ਼ਰੀਦ ਕੇ ਲਿਆਇਆ ਸੀ ਅਤੇ ਘਰ ਅੰਦਰ ਹੀ ਭਰੂਣ ਲਿੰਗ ਜਾਂਚ ਦਾ ਗ਼ੈਰਕਾਨੂੰਨੀ ਕੰਮ ਸ਼ੁਰੂ ਕਰ ਦਿੱਤਾ।
ਇਸ ਕੰਮ ਲਈ ਉਹ ਮੋਟੀ ਫੀਸ ਵਸੂਲ ਕਰਦੇ ਸਨ। ਸੂਤਰ ਦੱਸਦੇ ਹਨ ਕਿ ਕਰਨ ਦੇ ਕਈ ਪ੍ਰਾਈਵੇਟ ਹਸਪਤਾਲਾਂ ਨਾਲ ਸੰਪਰਕ ਸਨ। ਕਰਨ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੁਲੀਸ ਨੇ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਕਈ ਪ੍ਰਾਈਵੇਟ ਹਸਪਤਾਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੀ ਰਾਡਾਰ ’ਤੇ ਕਈ ਵੱਡੇ ਪ੍ਰਾਈਵੇਟ ਹਸਪਤਾਲ ਵੀ ਦੱਸੇ ਜਾ ਰਹੇ ਹਨ।