ਗਗਨਦੀਪ ਅਰੋੜਾ
ਲੁਧਿਆਣਾ, 11 ਅਕਤੂਬਰ
ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਸ਼ਹਿਰ ਦੇ ਮੌਜੂਦਾ ਹਾਲਾਤ ਦੇਖ ਕੇ ਲਗਦਾ ਹੈ ਕਿ ਲੁਧਿਆਣਾ ਦੇ ਲੋਕਾਂ ਦੇ ਤਿਉਹਾਰ ਇਸ ਵਾਰ ਟਰੈਫਿਕ ਦੇ ਚੱਕਰਵਿਊ ਵਿੱਚ ਫਸ ਕੇ ਨਿਕਲਣਗੇ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਟਰੈਫਿਕ ਪੁਲੀਸ ਨੇ ਤਿਉਹਾਰੀ ਸੀਜ਼ਨ ਵਿੱਚ ਟਰੈਫਿਕ ਜਾਮ ਤੋਂ ਨਜਿੱਠਣ ਲਈ ਹਾਲੇ ਤੱਕ ਕੋਈ ਯੋਜਨਾ ਨਹੀਂ ਬਣਾਈ ਹੈ। ਸ਼ਹਿਰ ਦੀਆਂ ਸੜਕਾਂ ’ਤੇ ਹੁਣੇ ਹੀ ਰੇਹੜੀਆਂ, ਫੜ੍ਹੀਆਂ, ਆਟੋ ਤੇ ਈ ਰਿਕਸ਼ਾ ਦਾ ਜਾਮ ਹੈ। ਇਸ ਕਾਰਨ ਲੋਕਾਂ ਨੂੰ ਹਰ ਸੜਕ ’ਤੇ 15-15 ਮਿੰਟ ਦਾ ਟਰੈਫਿਕ ਮਿਲਦਾ ਹੈ। ਸਕੂਲ ਵੇਲੇ ਸਕੂਲ ਨੇੜੇ ਦੀਆਂ ਸੜਕਾਂ ਦਾ ਸਭ ਤੋਂ ਵੱਧ ਬੁਰਾ ਹਾਲ ਹੈ। ਸ਼ਹਿਰ ’ਚ ਅਜਿਹੇ ਕਈ ਮੁੱਖ ਬਾਜ਼ਾਰ ਹਨ, ਜਿੱਥੇ ਬਾਜ਼ਾਰ ਸੱਜਣੇ ਸ਼ੁਰੂ ਹੋ ਜਾਂਦੇ ਹਨ ਤੇ ਦੁਕਾਨਦਾਰ ਤਿਉਹਾਰੀ ਸੀਜ਼ਨ ’ਚ ਤਿਆਰੀ ਸ਼ੁਰੂ ਕਰ ਦਿੰਦੇ ਹਨ, ਪਰ ਹਾਲਾਤ ਇੰਨੇ ਖਰਾਬ ਹੋ ਰਹੇ ਕਿ ਟਰੈਫਿਕ ਜਾਮ ਨਾਲ ਨਜਿੱਠਣਾ ਵੀ ਕਦੇ ਮੁਸ਼ਕਿਲ ਹੋ ਜਾਂਦਾ ਹੈ। ਟਰੈਫਿਕ ਪੁਲੀਸ ਦੇ ਅਧਿਕਾਰੀ ਕਹਿੰਦੇ ਹਨ ਕਿ ਯੋਜਨਾ ਬਣਾਈ ਜਾ ਰਹੀ ਹੈ। ਜਿਵੇਂ ਯੋਜਨਾ ਬਣੇਗੀ, ਦੱਸ ਦਿੱਤੀ ਜਾਵੇਗੀ।
ਸਨਅਤੀ ਸ਼ਹਿਰ ਵਿੱਚ ਇਸ ਸਮੇਂ ਕਈ ਉਸਾਰੀ ਅਧੀਨ ਕੰਮ ਚੱਲ ਰਹੇ ਹਨ। ਫਿਰੋਜ਼ਪੁਰ ਰੋਡ ’ਤੇ ਐਲੀਵੇਟਿਡ ਰੋਡ ਦੇ ਨਿਰਮਾਣ ਕਾਰਜਾਂ ਕਾਰਨ ਕਾਫ਼ੀ ਬੁਰਾ ਹਾਲ ਹੈ। ਪੂਰੇ ਫਿਰੋਜ਼ਪੁਰ ਰੋਡ ਦੇ ਨਾਲ ਨਾਲ ਬੱਸ ਅੱਡਾ ਰੋਡ ’ਤੇ ਵੀ ਉਸਾਰੀ ਦੇ ਕੰਮ ਚੱਲ ਰਹੇ ਹਨ। ਉਪਰੋਂ ਨਗਰ ਨਿਗਮ ਦੀ ਕਾਰਗੁਜ਼ਾਰੀ ਦੀ ਵਜ੍ਹਾ ਨਾਲ ਸ਼ਹਿਰ ਦੀ ਸੜਕਾਂ ’ਤੇ ਵੀ ਜਗ੍ਹਾ ਜਗ੍ਹਾ ਖੱਡੇ ਬਣੇ ਪਏ ਹਨ। ਕਈ ਥਾਂ ਤਾਂ ਸੜਕਾਂ ਦੇ ਹਾਲ ਅਜਿਹੇ ਹਨ ਕਿ ਮੀਂਹ ਕਾਰਨ ਖੱਡੇ ਹੋਰ ਵੱਡੇ ਹੋ ਗਏ ਹਨ। ਜੇ ਬਜ਼ਾਰਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਿੰਗਾਰ ਸਿਨੇਮਾ ਰੋਡ, ਵਰਧਮਾਨ ਮੰਡੀ ਰੋਡ, ਚੌੜਾ ਬਾਜ਼ਾਰ, ਮਾਤਾ ਰਾਣੀ ਚੌਕ ਬਾਜ਼ਾਰ, ਕਿਤਾਬ ਬਾਜ਼ਾਰ, ਬਿਜਲੀ ਮਾਰਕੀਟ, ਘੁਮਾਰ ਮੰਡੀ ਬਾਜ਼ਾਰ ਦੇ ਨਾਲ ਨਾਲ ਕੋਚਰ ਮਾਰਕੀਟ ਚੌਕ, ਜਵਾਹਰ ਨਗਰ ਕੈਂਪ, ਹੈਬੋਵਾਲ ਬਾਜ਼ਾਰ, ਤਾਜਪੁਰ ਰੋਡ, ਬਸਤੀ ਜੋਧੇਵਾਲ, ਰਾਹੋਂ ਰੋਡ, ਸੁੰਦਰ ਨਗਰ ਇਲਾਕੇ ਦੇ ਨਾਲ ਨਾਲ ਡਿਵੀਜ਼ਨ ਨੰ. 3 ਚੌਕ ’ਚ ਵੀ ਪੂਰੀ ਤਰ੍ਹਾਂ ਜਾਮ ਰਹਿੰਦਾ ਹੈ। ਸ਼ਹਿਰ ਨੂੰ ਕਈ ਸੜਕਾਂ ਨਾਲ ਜੋੜਨ ਵਾਲੇ ਸਮਰਾਲਾ ਚੌਕ ’ਤੇ ਹਾਲਾਤ ਇੰਨੇ ਖਰਾਬ ਹੋ ਜਾਂਦੇ ਹਨ ਕਿ ਉੱਥੇ ਜੇ ਕੋਈ ਵਿਅਕਤੀ ਟਰੈਫਿਕ ਜਾਮ ’ਚ ਫਸ ਗਿਆ ਤਾਂ ਇੱਕ ਘੰਟਾ ਉਹ ਕਿਸੇ ਪਾਸਿਓ ਨਹੀਂ ਨਿਕਲ ਸਕਦਾ। ਇਨ੍ਹਾਂ ਬਾਜ਼ਾਰਾਂ ’ਚ ਕੋਈ ਪਾਰਕਿੰਗ ਵੀ ਨਹੀਂ ਕਿ ਲੋਕ ਉਥੇਂ ਆਪਣੇ ਵਾਹਨ ਪਾਰਕ ਕਰ ਪੈਦਲ ਹੀ ਸ਼ਾਪਿੰਗ ’ਤੇ ਨਿਕਲ ਜਾਣ। ਸਿਰਫ਼ ਕਿਤਾਬ ਬਾਜ਼ਾਰ ’ਚ ਪਾਰਕਿੰਗ ਹੈ, ਉੱਥੇ ਵੀ ਜੇ ਜਗ੍ਹਾ ਫੁੱਲ ਹੋ ਜਾਂਦੀ ਹੈ ਤਾਂ ਹਾਲਾਤ ਖਰਾਬ ਹੋ ਜਾਂਦੇ ਹਨ। ਟਰੈਫਿਕ ਜਾਮ ਦਾ ਸਭ ਤੋਂ ਵੱਡਾ ਕਾਰਨ ਇਹ ਸਾਹਮਣੇ ਆ ਰਿਹਾ ਹੈ ਕਿ ਦੁਕਾਨਾਂ ਦੇ ਬਾਹਰ ਰੇਹੜੀਆਂ, ਫੜ੍ਹੀਆਂ ਲੱਗ ਜਾਂਦੀਆਂ ਹਨ ਤੇ ਕੁਝ ਦੁਕਾਨਦਾਰ ਆਪਣਾ ਸਾਮਾਨ ਬਾਹਰ ਰੱਖ ਦਿੰਦੇ ਹਨ ਤੇ ਉਪਰੋ ਵਾਹਨ ਪਾਰਕ ਕਰ ਲੈਂਦੇ ਹਨ। ਇਸ ਕਾਰਨ ਜਾਮ ਲੱਗ ਜਾਂਦਾ ਹੈ। ਛੋਟਾ ਜਿਹਾ ਕਾਰਨ ਘੰਟਿਆਂਬੱਧੀ ਜਾਮ ਦੀ ਸਥਿਤੀ ’ਚ ਫਸਾ ਦਿੰਦਾ ਹੈ। ਸ਼ਹਿਰ ’ਚ ਜੇ ਜਾਮ ਲੱਗ ਜਾਵੇ ਤਾਂ ਟਰੈਫਿਕ ਪੁਲੀਸ ਦੇ ਵੀ ਬੱਸ ’ਚ ਨਹੀ ਰਹਿੰਦਾ ਕਿ ਜਾਮ ਕਿਵੇਂ ਖੁੱਲ੍ਹਵਾਇਆ ਜਾਵੇ। ਜਾਮ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੁਲੀਸ ਵੱਲੋਂ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਜੋ ਜਿੱਥੇ ਆਉਂਦਾ ਹੈ, ਜਿਵੇਂ ਆਉਂਦਾ ਹੈ, ਉਵੇਂ ਹੀ ਵਾਹਨ ਪਾਰਕਿੰਗ ’ਚ ਲਾ ਕੇ ਚਲਾ ਜਾਂਦਾ ਹੈ। ਜੇ ਟਰੈਫਿਕ ਪੁਲੀਸ ਵੱਲੋਂ ਕੋਈ ਯੋਜਨਾ ਬਣਾਈ ਜਾਵੇ ਤਾਂ ਟਰੈਫਿਕ ਜਾਮ ਹੀ ਨਾ ਲੱਗੇ।
ਟਰੈਫਿਕ ਪੁਲੀਸ ਯੋਜਨਾ ਤਿਆਰ ਕਰ ਰਹੀ ਹੈ: ਜੁਆਇੰਟ ਪੁਲੀਸ ਕਮਿਸ਼ਨਰ
ਉਧਰ, ਜੁਆਇੰਟ ਪੁਲੀਸ ਕਮਿਸ਼ਨਰ ਟਰੈਫਿਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲੀਸ ਟਰੈਫਿਕ ਜਾਮ ਨਾ ਹੋਵੇ, ਇਸ ਲਈ ਯੋਜਨਾ ਤਿਆਰ ਕਰ ਰਹੀ ਹੈ। ਯੋਜਨਾ ਨੂੰ ਸੋਚ ਸਮਝ ਕੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਦੁਕਾਨਦਾਰ ਨੂੰ ਵੀ ਕੋਈ ਦਿੱਕਤ ਨਾ ਆਵੇ ਤੇ ਕਿਸੇ ਰਾਹਗੀਰ ਜਾਂ ਫਿਰ ਖਰੀਦੋ ਫਰੋਖਤ ਕਰਨ ਆਉਣ ਵਾਲਿਆਂ ਨੂੰ ਵੀ ਕੋਈ ਦਿੱਕਤ ਨਾ ਆਵੇ।