ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਜੁਲਾਈ
ਹਲਕੇ ਦੇ ਪਿੰਡਾਂ ਚੋਂ ਲੰਘਦੀਆਂ ਡਰੇਨਾਂ (ਸੇਮ ਨਾਲਿਆਂ) ਦਾ ਬੁਰਾ ਹਾਲ ਹੋਣ ਕਾਰਨ ਲੰਮੇ ਸਮੇਂ ਤੋਂ ਇਲਾਕੇ ਦੇ ਵਸਨੀਕ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਕੋਲ ਡਰੇਨਾਂ ਦੀ ਸਫ਼ਾਈ ਕਰਾਉਣ ਦੀਆਂ ਅਪੀਲਾਂ ਕਰ ਰਹੇ ਹਨ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਬਿਮਾਰੀਆਂ ਦਾ ਕਾਰਨ ਬਣਨ ਵਾਲੀਆਂ ਇਨ੍ਹਾਂ ਡਰੇਨਾਂ ਦੀ ਵਰ੍ਹਿਆਂ ਤੋਂ ਸਫ਼ਾਈ ਨਹੀਂ ਹੋਈ ਹੈ। ਡਰੇਨਾਂ ਨੇੜੇ ਵਸਣ ਵਾਲੇ ਲੋਕ ਜ਼ਿਆਦਾਤਰ ਚਮੜੀ ਰੋਗ, ਬੁਖਾਰ, ਪੇਟ ਦੀਆਂ ਬਿਮਾਰੀਆਂ ਆਦਿ ਬਿਮਾਰੀਆਂ ਦੀ ਲਪੇਟ ਵਿੱਚ ਰਹਿੰਦੇ ਹਨ। ਬਰਸਾਤ ਦਾ ਮੌਸਮ ਹੋਣ ਕਾਰਨ ਡਰੇਨਾਂ ਵਿੱਚ ਖੜ੍ਹੀ ਬੂਟੀ ਕਾਰਨ ਹੜ੍ਹਾਂ ਦਾ ਖਦਸ਼ਾ ਵੀ ਬਣ ਗਿਆ ਹੈ। ਗੁਰਦੁਆਰਾ ਮਹਿਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਮੱਲਾ ਨੇ ਇਲਾਕੇ ਦੇ ਪਤਵੰਤਿਆਂ ਦੀ ਹਾਜ਼ਰੀ ’ਚ ਕਿਹਾ ਕਿ ਪਿਛਲੇ ਵਰ੍ਹੇ ਸਿਰਤੋੜ ਯਤਨਾਂ ਮਗਰੋਂ ਸਫ਼ਾਈ ਦਾ ਕੰੰਮ ਸ਼ੁਰੂ ਹੋਇਆ ਸੀ ਜੋ ਅੱਖਾਂ ’ਚ ਘੱਟਾ ਪਾਉਣ ਵਾਲਾ ਹੀ ਸਿੱਧ ਹੋਇਆ ਹੈ। ਡਰੇਨਾਂ ਦੇ ਕਿਨਾਰਿਆਂ ਤੇ ਪੱਟੜੀ ’ਤੇ ਜੰਗਲੀ ਬੂਟੀ ਨੇ ਘਾਤਕ ਰੂਪ ਅਖਤਿਆਰ ਕਰ ਲਿਆ ਹੈ। ਕਈ ਤਰ੍ਹਾਂ ਦੇ ਜ਼ਹਿਰੀਲੇ ਸੱਪ ਤੇ ਹੋਰ ਜਾਨਵਰ ਵੀ ਇਨ੍ਹਾਂ ਡਰੇਨਾਂ ਵੱਚ ਵੱਧ ਫੁੱਲ ਰਹੇ ਹਨ। ਇਸੇ ਤਰ੍ਹਾਂ ਪਿੰਡ ਕੁਲਾਰ, ਗਗੜਾ, ਮਲਕ, ਲੀਲਾਂ, ਰਾਮਗੜ ਵਿੱਚੋਂ ਲੰਘਦੀ ਸੇਮ ਦਾ ਵੀ ਬੁਰਾ ਹਾਲ ਹੈ। ਵਿਭਾਗ ਵੱਲੋਂ ਇਨ੍ਹਾਂ ਡਰੇਨਾਂ ਦੀ ਸਫ਼ਾਈ ਕਰਵਾਉਣ ਲਈ ਕੋਈ ਯਤਨ ਨਹੀਂ ਕੀਤੇ ਗਏ ਹਨ। ਜਦੋਂ ਇਸ ਸਬੰਧੀ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਰਾਬਤਾ ਕਰਨ ਦੀ ਕੋਸ਼ਿਸ ਕੀਤੀ ਤਾਂ ਸਪੰਰਕ ਨਹੀਂ ਹੋ ਸਕਿਆ।