ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਮਾਰਚ
ਪਿੰਡ ਖੇੜੀ ’ਚ ਭੱਠਾ ਮਜ਼ਦੂਰ ਇੰਦਲ ਦਾ ਕਤਲ ਕਰਨ ਵਾਲੇ ਪਿਓ-ਪੁੱਤ ਨੂੰ ਥਾਣਾ ਸਦਰ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਉਨ੍ਹਾਂ ਦਾ ਤੀਸਰਾ ਸਾਥੀ ਹਾਲੇ ਫਰਾਰ ਹੈ। ਜਿਸਦੀ ਭਾਲ ’ਚ ਪੁਲੀਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਤੇ ਉਸਦੇ ਪਿਤਾ ਸ੍ਰੀਕਾਂਤ ਵੱਜੋਂ ਹੋਈ ਹੈ, ਜਦੋਂ ਕਿ ਉਨ੍ਹਾਂ ਦਾ ਤੀਸਰਾ ਸਾਥੀ ਅਨੂਪ ਫ਼ਰਾਰ ਹੈ। ਪੁਲੀਸ ਮੁਲਜ਼ਮਾਂ ਨੂੰ ਮੰਗਲਵਾਰ ਅਦਾਲਤ ’ਚ ਪੇਸ਼ ਕਰੇਗੀ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤ ’ਚ ਇੰਦਲ, ਸ੍ਰੀਕਾਂਤ ਤੇ ਅਨੂਪ ਸ਼ਰਾਬ ਪੀ ਰਹੇ ਸਨ। ਤਿੰਨਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸੇ ਦੌਰਾਨ ਇੰਦਲ ਨੇ ਸ੍ਰੀਕਾਂਤ ਦੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਸ੍ਰੀਕਾਂਤ ਨੇ ਆਪਣੇ ਲੜਕੇ ਨੂੰ ਇਸਦੇ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਕੁਲਦੀਪ, ਸ੍ਰੀਕਾਂਤ ਤੇ ਅਨੂਪ ਨੇ ਲਾਠੀ ਮਾਰ ਕੇ ਇੰਦਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸਦਾ ਕਤਲ ਕਰ ਉਥੋਂ ਚਲੇ ਗਏ। ਅਗਲੇ ਦਿਨ ਉਥੇ ਮ੍ਰਿਤਕ ਪਏ ਇੰਦਲ ਦੀ ਲਾਸ਼ ਦੇਖ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਕਰ ਫ਼ਰਾਰ ਚੱਲ ਰਹੇ ਅਨੂਪ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇੰਦਲ ਦੀ ਲਾਸ਼ ਦਾ ਸੋਮਵਾਰ ਨੂੰ ਸਿਵਲ ਹਸਪਤਾਲ ’ਚ ਤਿੰਨ ਡਾਕਟਰਾਂ ’ਤੇ ਆਧਾਰਿਤ ਇੱਕ ਬੋਰਡ ਨੇ ਪੋਸਟਮਾਰਟਮ ਕੀਤਾ। ਜਿਸ ’ਚ ਡਾ. ਚਰਨ ਕੰਵਲ, ਡਾ. ਸੌਰਵ ਅਤੇ ਡਾ. ਹਰਪ੍ਰੀਤ ਸ਼ਾਮਲ ਸਨ। ਪੋਸਟਮਾਰਟਮ ਦੌਰਾਨ ਪਤਾ ਲੱਗਿਆ ਕਿ ਮੁਲਜ਼ਮਾਂ ਵੱਲੋਂ ਸਿਰ ’ਤੇ ਲਾਠੀਆਂ ਨਾਲ ਹਮਲਾ ਕੀਤਾ ਗਿਆ ਸੀ। ਜਿਸ ਕਾਰਨ ਉਸਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਇੰਦਲ ਦੀ ਇੱਕ ਲੱਤ ’ਤੇ ਵੀ ਮੁਲਜ਼ਮਾਂ ਨੇ ਬੁਰੀ ਤਰ੍ਹਾਂ ਵਾਰ ਕੀਤੇ ਹਨ।