ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਦਸੰਬਰ
ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੁਣ ਕੌਮੀ ਹਾਈਵੇਅ ਅਥਾਰਿਟੀ ਲਾਡੋਵਾਲ ਟੌਲ ਪਲਾਜ਼ਾ ਸ਼ੁਰੂ ਕਰਨ ਦੀ ਤਿਆਰੀ ਵਿੱਚ ਸੀ। ਟੌਲ ਵਸੂਲਣ ਵਾਲੀ ਕੰਪਨੀ ਨੇ ਵੀਰਵਾਰ ਨੂੰ ਬੂਥ ਖੋਲ੍ਹ ਕੇ ਆਪਣੇ ਮੁਲਾਜ਼ਮ ਬਿਠਾ ਵੀ ਦਿੱਤੇ ਸੀ ਪਰ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਕਿ ਅਗਲੇ ਹੁਕਮਾਂ ਤੱਕ ਟੌਲ ਪਲਾਜ਼ਾ ਨਹੀਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਕੰਪਨੀ ਨੇ ਮੁਲਾਜ਼ਮਾਂ ਨੂੰ ਬੂਥਾਂ ਤੋਂ ਵਾਪਸ ਸੱਦ ਲਿਆ। ਟੌਲ ਪਲਾਜ਼ਾ ’ਤੇ ਹੁਣ 18 ਤੱਕ ਟੌਲ ਦੀ ਪਰਚੀ ਨਾ ਲਗਾਉਣ ਦੀ ਗੱਲ ਕਹੀ ਗਈ ਹੈ, 18 ੂੰ ਸੰਯੁਕਤ ਕਿਸਾਨ ਮੋਰਚੇ ਦੀ ਦੁਬਾਰਾ ਮੀਟਿੰਗ ਹੋਵੇਗੀ ਤੇ ਫਿਰ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕਿਸਾਨਾਂ ਨੇ ਬੀਤੇ ਦਿਨੀਂ ਹੀ ਕੌਮੀ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਨੂੰ ਕਿਹਾ ਕਿ ਜਿਵੇਂ ਹੀ ਉਨ੍ਹਾਂ ਦੀ ਜਥੇਬੰਦੀ ਤੋਂ ਹੁਕਮ ਆਵੇਗਾ, ਉਵੇਂ ਹੀ ਉਹ ਟੌਲ ਪਲਾਜ਼ਾ ਖਾਲੀ ਕਰ ਦੇਣਗੇ। ਵੀਰਵਾਰ ਦੀ ਦੁਪਹਿਰ ਨੂੰ ਇੱਕ ਵਜੇ ਤੱਕ ਕਿਸਾਨ ਆਪਣੇ ਧਰਨੇ ’ਤੇ ਨਹੀਂ ਆਏ ਤਾਂ ਕੰਪਨੀ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਕੰਪਨੀ ਵੀ ਐੱਨਐੱਚਏਆਈ ਦੇ ਹੁਕਮਾਂ ਦੀ ਉਡੀਕ ਕਰ ਰਹੀ ਸੀ। ਇੰਨੇ ’ਚ ਕਿਸਾਨਾਂ ਨੇ ਸਾਫ਼ ਆਖ ਦਿੱਤਾ ਕਿ ਜਦੋਂ ਤੱਕ ਟੌਲ ਪਲਾਜ਼ਾ ’ਤੇ ਟੈਂਟ ਲੱਗੇ ਹਨ, ਉਦੋਂ ਤੱਕ ਧਰਨਾ ਜਾਰੀ ਹੈ। ਇਸ ਲਈ ਕੰਪਨੀ ਇਹ ਗਲਤੀ ਨਾ ਕਰੇ।
ਕਿਸਾਨ ਆਗੂ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਹਾਲੇ ਤੱਕ ਕੰਪਨੀ ਨੇ ਆਪਣੇ ਨਵੇਂ ਰੇਟੇ ਘਟਾਏ ਨਹੀਂ ਹਨ ਤੇ ਨਾ ਹੀ ਕਿਸਾਨਾਂ ਨੂੰ ਜਥੇਬੰਦੀ ਵੱਲੋਂ ਟੌਲ ਖਾਲੀ ਕਰਨ ਦਾ ਕੋਈ ਹੁਕਮ ਮਿਲਿਆ ਹੈ। ਇਸ ਲਈ ਜਦੋਂ ਤੱਕ ਇਹ ਫ਼ੈਸਲਾ ਨਹੀਂ ਹੁੰਦਾ, ਕੰਪਨੀ ਨੂੰ ਟੌਲ ਵਸੂਲਣ ਨਹੀਂ ਦਿੱਤਾ ਜਾਵੇਗਾ। ਉਧਰ, ਲਾਡੋਵਾਲ ਬਾਈਪਾਸ ’ਤੇ ਬਣਿਆ ਨਵਾਂ ਟੋਲ ਵੀ ਸ਼ੁਰੂ ਨਹੀਂ ਕੀਤਾ ਗਿਆ। ਇੱਥੋਂ ਦੇ ਪ੍ਰਬੰਧਕਾਂ ਨੂੰ ਖਤਰਾ ਹੈ ਕਿ ਜੇਕਰ ਇੱਥੇ ਟੌਲ ਸ਼ੁਰੂ ਕੀਤਾ ਤਾਂ ਕਿਸਾਨ ਇੱਥੇ ਵੀ ਧਰਨਾ ਲਾ ਦੇਣਗੇ।