ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਦਸੰਬਰ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਵਿਸ਼ੇਸ਼ ਇਕੱਤਰਤਾ ਇਥੇ ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ ਫੇਰੂਰਾਈ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਚੱਲੇ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਕਿ ਕਿਸਾਨ ਮੋਰਚੇ ਤੋਂ ਪਰਤਣ ਵਾਲੇ ਸੰਘਰਸ਼ਸ਼ੀਲ ਯੋਧਿਆਂ ਦਾ ਪਿੰਡਾਂ ’ਚ ਇਕੱਠ ਕਰਕੇ ਸਨਮਾਨ ਕੀਤਾ ਜਾਵੇਗਾ। ਸਕੱਤਰ ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਪੁਲੀਸ ਤੇ ਸਿਆਸੀ ਧੋਖੇਬਾਜ਼ਾਂ ਖ਼ਿਲਾਫ਼ ਸੰਘਰਸ਼ ਦੀ ਪਹਿਲੀ ਕੜੀ ਦੇ ਤੌਰ ’ਤੇ 22 ਦਸੰਬਰ ਨੂੰ 11 ਵਜੇ ਕਿਸਾਨ ਔਰਤਾਂ ਮਰਦ ਟਰਾਲੀਆਂ ’ਚ ਸਵਾਰ ਹੋ ਕੇ ਸਥਾਨਕ ਐੱਸਐੱਸਪੀ ਦਫ਼ਤਰ ਅੱਗੇ ਦਸਤਕ ਦੇਣਗੇ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਇੱਥੋਂ ਦੇ ਵੱਖ-ਵੱਖ ਸੰਗਠਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਕੇਂਦਰ ਸਰਕਾਰ ਵੱਲੋਂ ਪਹਿਲਾਂ ਲਾਗੂ ਕੀਤੇ ਗਏ ਕਾਲੇ ਕਨੂੰਨ ਰੱਦ ਹੋਣ ’ਤੇ ਵਧਾਈ ਦਿੱਤੀ ਹੈ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਇਸ ਇਲਾਕੇ ਦੇ ਆਗੂਆਂ ਅਤੇ ਕਾਰਕੁਨਾਂ ਦਾ ਸਮਾਗਮ ਕਰਕੇ ਸਨਮਾਨ ਵੀ ਕੀਤਾ ਜਾਵੇਗਾ। ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਹਲਕੇ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ, ਬਲਾਕ ਸਮਿਤੀ ਮੈਂਬਰਾਂ, ਜਿਲ੍ਹਾ ਪਰਿਸ਼ਦ ਮੈਂਬਰਾਂ ਅਤੇ ਨਗਰ ਕੌਂਸਲਰਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਆਹੁਦੇਦਾਰਾਂ ਵੱਲੋਂ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਮੁੜਨ ਵਾਲੇ ਕਿਸਾਨਾਂ ਤੇ ਆਗੂਆਂ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ।
ਦਿੱਲੀ ਫਤਹਿ ਮਾਰਚ ’ਚ ਸ਼ਮੂਲੀਅਤ ਕਰਨਗੇ ਮਾਛੀਵਾੜਾ ਦੇ ਕਿਸਾਨ
ਮਾਛੀਵਾੜਾ (ਪੱਤਰ ਪ੍ਰੇਰਕ): ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਮਾਛੀਵਾੜਾ ਇਲਾਕੇ ਦੇ ਕਿਸਾਨਾਂ ਵਲੋਂ ਸਿੰਘੂ ਬਾਰਡਰ ’ਤੇ ਚੱਲ ਰਹੇ ਅੰਦੋਲਨ ’ਚ ਸ਼ਮੂਲੀਅਤ ਕਰਦੇ ਰਹੇ ਅਤੇ ਜਦੋਂ ਹੁਣ ਇਹ ਕਾਨੂੰਨ ਰੱਦ ਹੋ ਗਏ ਤਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਕੱਢੇ ਜਾ ਰਹੇ ਦਿੱਲੀ ਫਤਹਿ ਮਾਰਚ ਵਿੱਚ ਇਹ ਕਿਸਾਨ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ। ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਕਿਸਾਨਾਂ ਦਾ ਵੱਡਾ ਜੱਥਾ ਦਿੱਲੀ ਫਤਹਿ ਮਾਰਚ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਅਤੇ ਜਿੱਤ ਦਾ ਜਸ਼ਨ ਮਨਾਉਂਦਿਆਂ ਟਰੈਕਟਰਾਂ ਨੂੰ ਸ਼ਿੰਗਾਰ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਇਸ ਮੌਕੇ ਕਿਸਾਨ ਆਗੂ ਮਨਮੋਹਣ ਸਿੰਘ ਖੇੜਾ ਨੇ ਦੱਸਿਆ ਕਿ ਸ਼ੇਰ ਸਿੰਘ ਨੇ ਕਈ ਮਹੀਨੇ ਸਿੰਘੂ ਬਾਰਡਰ ’ਤੇ ਸੰਘਰਸ਼ ਕੀਤਾ ਅਤੇ ਅੱਜ ਉਹ ਫਤਹਿ ਮਾਰਚ ’ਚ ਸ਼ਾਮਲ ਹੋਣ ਲਈ ਸਾਥੀਆਂ ਸਮੇਤ ਰਵਾਨਾ ਹੋਇਆ।