ਡੀਪੀਐੱਸ ਬੱਤਰਾ
ਸਮਰਾਲਾ, 6 ਨਵੰਬਰ
ਕੇਂਦਰ ਸਰਕਾਰ ਦੇ ਖੇਤੀ ਵਿਰੋਧੀ, ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਬੀਤੇ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚਲ ਰਹੇ ਅੰਦੋਲਨ ਵਿਚ ਅੱਜ ਉਸ ਵੇਲੇ ਕੁੱਝ ਤਬਦੀਲੀ ਆਈ ਜਦੋਂ ਕਿਸਾਨ ਯੂਨੀਅਨਾਂ ਨੇ ਮੀਟਿੰਗ ਦੌਰਾਨ ਲਏ ਫੈਸਲੇ ਅਨੁਸਾਰ ਰੇਲਵੇ ਪਲੇਟਫਾਰਮ ਨੂੰ ਛੱਡ ਕੇ ਰੇਲਵੇ ਸਟੇਸ਼ਨ ਤੋਂ ਬਾਹਰ ਧਰਨਾ ਲਾ ਲਿਆ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਨੇ ਦੱਸਿਆ ਕਿ ਪੰਜਾਬ ਦੇ ਵੱਡਮੁੱਲੇ ਹਿੱਤਾਂ ਨੂੰ ਮੱਦੇਨਜ਼ਰ ਰੱਖਦਿਆਂ ਮਾਲ ਗੱਡੀਆਂ ਦੀ ਆਵਾਜਾਈ ਨੂੰ ਢਿੱਲ ਦਿੱਤੀ ਗਈ ਹੈ।ਕਿਸਾਨ ਆਗੂ ਨੇ ਕਿਹਾ ਕਿ ਇਸ ਢਿੱਲ ਨੂੰ ਕੇਂਦਰ ਸਰਕਾਰ ਕਿਸਾਨਾਂ ਦੀ ਕਮਜ਼ੋਰੀ ਨਾ ਸਮਝੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਮੰਗਾਂ ਦੀ ਪ੍ਰਪਤੀ ਤੱਕ ਜਾਰੀ ਰਹੇਗਾ ਭਾਵੇਂ ਉਨ੍ਹਾਂ ਨੂੰ ਕੁੱਝ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।
ਲੁਧਿਆਣਾ (ਗੁਰਿੰਦਰ ਸਿੰਘ): ਮੋਦੀ ਸਰਕਾਰ ਵਲੋਂ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਲਈ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਕੇਂਦਰ ਸਰਕਾਰ ਵਿਰੁੱਧ ਅੱਜ ਨਾਅਰੇਬਾਜ਼ੀ ਕੀਤੀ ਗਈ। ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ਹੇਠ ਵਰਕਰਾਂ ਨੇ ਕਾਲੀਆਂ ਝੰਡੀਆਂ ਲੈ ਕੇ ਜੋਧੇਵਾਲ ਬਸਤੀ ਵਿੱਖੇ ਧਰਨਾ ਦੇ ਕੇ ਰੋਸ ਮਾਰਚ ਕੀਤਾ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਜਥੇਦਾਰ ਚੀਮਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੀ ਛੋਟ ਦੌਰਾਨ ਜੇ ਸਰਕਾਰ ਨੇ ਰੇਲਾਂ ਨਾ ਚਲਾਈਆਂ ਤਾਂ ਪੰਜਾਬ ਵਾਸੀ ਦਿੱਲੀ ਤੇ ਹੋਰਨਾਂ ਬਾਹਰਲੇ ਸੂਬਿਆਂ ਨੂੰ ਜਾਂਦਾ ਪਾਣੀ ਤੇ ਬਿਜਲੀ ਬੰਦ ਕਰਨ ਦੀ ਵੀ ਸੋਚ ਸਕਦੇ ਹਨ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਾਲੇ ਕਾਨੂੰਨ ਵਾਪਸ ਨਾ ਕੀਤੇ ਗਏ ਕੇਂਦਰ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਇਸ ਮੌਕੇ ਬਾਬਾ ਬਲਵੀਰ ਸਿੰਘ, ਰੋਸ਼ਨ ਸਿੰਘ ਸਾਗਰ, ਅਵਤਾਰ ਸਿੰਘ, ਜਗਸੀਰ ਸਿੰਘ ਸੰਧੂ, ਗੁਰਸੇਵਕ ਸਿੰਘ, ਬਾਬਾ ਰਣਜੀਤ ਸਿੰਘ, ਅਜਮੇਰ ਸਿੰਘ, ਦਲਜੀਤ ਸਿੰਘ, ਮਿਆਂਗੱਡੂ, ਮਿਆਂ ਅਨਵਾਰ ਖਾਂ ਹਾਜ਼ਰ ਸਨ।
ਨੂਰਪੁਰਾ ਨੇੜੇ ਰਿਲਾਇੰਸ ਪੰਪ ’ਤੇ ਚੱਲ ਰਿਹਾ ਧਰਨਾ ਖਤਮ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀ ਬੀਕੇਯੂ (ਏਕਤਾ) ਉਗਰਾਹਾਂ ਦੀ ਅਗਵਾਈ ’ਚ ਪਿੰਡ ਨੂਰਪੁਰਾ ਨੇੜਲੇ ਰਿਲਾਇੰਸ ਪੰਪ ਸਾਹਮਣੇ ਪਿਛਲੇ 36 ਦਿਨਾਂ ਤੋਂ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਅੱਜ ਕਿਸਾਨਾਂ ਵਲੋਂ ਖਤਮ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀ ਦੇ ਇਲਾਕਾ ਕਨਵੀਨਰ ਗੁਰਪ੍ਰੀਤ ਸਿੰਘ ਨੂਰਪੁਰਾ ਅਤੇ ਮਾ. ਚਰਨ ਸਿੰਘ ਨੂਰਪੁਰਾ ਨੇ ਦੱਸਿਆ ਕਿ ਰੋਸ ਧਰਨਾ ਖਤਮ ਕਰਨ ਦਾ ਇਹ ਫੈਸਲਾ ਪਿਛਲੇ ਦਿਨੀ ਸੰਘਰਸ਼ੀਲ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਤਹਿਤ ਕਿਸਾਨਾਂ ਵਲੋਂ ਰਿਲਾਇੰਸ ਦੇ ਉਨ੍ਹਾਂ ਪੈਟਰੋਲ ਪੰਪਾਂ ’ਤੇ ਦਿੱਤੇ ਜਾ ਰਹੇ ਰੋਸ ਧਰਨੇ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦਾ ਮਾਲਕਾਨਾ ਹੱਕ ਰਿਲਾਇੰਸ ਕੰਪਨੀ ਦਾ ਨਾ ਹੋ ਕੇ ਨਿੱਜੀ ਮਾਲਕਾਂ ਦਾ ਹੈ। ਉਨ੍ਹਾਂ ਦੱਸਿਆ ਕਿ ਰਿਲਾਇੰਸ ਕੰਪਨੀ ਦੇ ਮਾਲਕੀ ਵਾਲੇ ਪੈਟਰੋਲ ਪੰਪਾਂ ’ਤੇ ਰੋਸ ਧਰਨੇ ਪਹਿਲਾਂ ਵਾਂਗ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨਾਂ ਦਾ ਇਹ ਸੰਘਰਸ਼ ਬਿੱਲ ਵਾਪਸ ਲੈਣ ਤੱਕ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਪੌਟਰੋਲ ਪੰਪ ਦੇ ਮਾਲਕ ਰਮਨ ਗੋਇਲ ਨੇ ਰੋਸ ਧਰਨਾ ਖਤਮ ਕਰਨ ਲਈ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਬ੍ਰਹਮਪੁਰਾ, ਕਨਵੀਨਰ ਗੁਰਪ੍ਰੀਤ ਸਿੰਘ ਨੂਰਪੁਰਾ, ਸੁਰੈਣ ਸਿੰਘ ਧੂਰਕੋਟ, ਮਨਜੀਤ ਸਿੰਘ ਬੁਢੇਲ ਇਕਾਈ ਪ੍ਰਧਾਨ, ਗੁਰਚਰਨ ਸਿੰਘ ਨੱਥੋਵਾਲ, ਮਲਕੀਤ ਸਿੰਘ ਦੱਧਾਹੂਰ ਮੌਜੂਦ ਸਨ।
ਲਹਿਰਾ ਟੌਲ ਪਲਾਜ਼ਾ ’ਤੇ ਧਰਨਾ ਜਾਰੀ
ਪਾਇਲ (ਦਵਿੰਦਰ ਜੱਗੀ): ਆਈਸ਼ਰ ਪੰਪ ਲਹਿਰਾ ਵਿੱਚ ਡੀਲਰਾਂ ਦੀ ਅਪੀਲ ’ਤੇ ਜਥੇਬੰਦੀਆਂ ਨੇ ਧਰਨਾ ਪੰਪ ਤੋਂ ਚੁੱਕ ਲਿਆ ਪਰ ਟੌਲ ਪਲਾਜ਼ੇ ਲਹਿਰਾ ਵਿੱਚ ਧਰਨਾ ਜਾਰੀ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨੂੰ ਧਮਕਾਉਣ ਵਾਲੀ ਨੀਤੀ ਮਹਿੰਗੀ ਪੈ ਸਕਦੀ ਹੈ। ਕਿਸਾਨ ਹੁਣ ਆਪਣੀ ਤਾਕਤ ਇਕੱਠੀ ਕਰਕੇ 26 ਤੇ 27 ਨਵੰਬਰ ਨੂੰ ਸਾਰੇ ਭਾਰਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਵੱਲ ਨੂੰ ਜਾਣਗੇ ਅਤੇ ਪੰਜਾਬ ਵਿੱਚ ਵੀ ਕਾਰਪੋਰੇਟਾ ਦੇ ਕਾਰੋਬਾਰੀਏ ਦੇ ਅੱਗੇ ਧਰਨੇ ਜਾਰੀ ਰਹਿਣਗੇ। ਧਰਨੇ ਨੂੰ ਪਰਮਵੀਰ ਸਿੰਘ ਘਲੋਟੀ, ਸੁਰਿਦਰ ਸਿਧੂ, ਜਰਨੈਲ ਧੋਲ ਖੁਰਦ ਭੋਲਾ ਸਿੰਘ ਜੰਡ, ਸਰਬਜੀਤ ਸਿੰਘ ਜਵੰਦਾ,ਜਸਵੀਰ ਬਸਰਾਓਂ,ਦਵਿੰਦਰ ਸਿੰਘ ਨੇ ਸੰਬੋਧਨ ਕੀਤਾ।