ਸੰਤੋਖ ਗਿੱਲ
ਗੁਰੂਸਰ ਸੁਧਾਰ, 21 ਜੁਲਾਈ
ਵਿਵਾਦਿਤ ਖੇਤੀ ਕਾਨੂੰਨਾਂ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਲਈ ਕਿਸਾਨ ਜਥੇਬੰਦੀਆਂ ਵੱਲੋਂ 22 ਜੁਲਾਈ ਤੋਂ ਮੌਨਸੂਨ ਸੈਸ਼ਨ ਦੌਰਾਨ ਸੰਸਦ ਵੱਲ ਮਾਰਚ ਦੇ ਸਮਰਥਨ ਵਿਚ ਪਿੰਡ ਸੁਧਾਰ ਦੀਆਂ ਔਰਤਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ‘ਜਾਗੋ’ ਕੱਢੀ ਅਤੇ ਸੱਤਾ ਦੇ ਹੰਕਾਰ ਵਿਚ ਅੰਨ੍ਹੀ ਹੋਈ ਮੋਦੀ ਹਕੂਮਤ ਨੂੰ ਲਾਹਣਤਾਂ ਪਾਈਆਂ। ਇਸ ਮੌਕੇ ਕਿਸਾਨ ਆਗੂ ਭੈਣਾਂ ਜਰਨੈਲ ਗਿੱਲ, ਕਿਰਨਜੀਤ ਕੌਰ ਗਿੱਲ, ਮਨਦੀਪ ਕੌਰ ਗਿੱਲ, ਪ੍ਰਿੰਸੀਪਲ ਨੀਲਮ ਗਿੱਲ, ਇੰਦਰਜੀਤ ਕੌਰ ਗਿੱਲ, ਬੀਬੀ ਹਰਜਿੰਦਰ ਕੌਰ ਗਿੱਲ, ਜਗਦੀਸ਼ ਕੌਰ, ਮਹਿੰਦਰ ਕੌਰ ਨੇ ਕਿਹਾ ਕਿ ਤਿੱਖੀਆਂ ਧੁੱਪਾਂ, ਹੱਡ ਚੀਰਦੀ ਸਰਦੀ ਅਤੇ ਭਾਰੀ ਮੀਂਹ ਦੇ ਬਾਵਜੂਦ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਸਰਹੱਦਾਂ ’ਤੇ ਅੱਠ ਮਹੀਨਿਆਂ ਤੋਂ ਜੂਝ ਰਿਹਾ ਹੈ, ਪਰ ਸੱਤਾ ਦੇ ਹੰਕਾਰ ਕਾਰਨ ਮੋਦੀ ਹਕੂਮਤ ਉਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਵੱਲ ਕੰਨ ਧਰਨ ਨੂੰ ਤਿਆਰ ਨਹੀਂ ਹੈ। ਦਿੱਲੀ ਸੰਸਦ ਵੱਲ ਮਾਰਚ ਤੋਂ ਐਨ ਪਹਿਲਾਂ ਅੰਦੋਲਨਕਾਰੀਆਂ ਦੀ ਚੜ੍ਹਦੀ ਕਲਾ ਲਈ ਗੁਰੂ ਘਰ ਵਿਚ ਅਰਦਾਸ ਕਰਨ ਮਗਰੋਂ ਵੱਡੀ ਗਿਣਤੀ ਔਰਤਾਂ ਪਿੰਡ ਸੁਧਾਰ ਦੀ ਗਿੱਲ ਪੱਤੀ ਵਾਲੀ ਸੱਥ ਵਿਚ ਇਕੱਤਰ ਹੋਈਆਂ ਅਤੇ ਮੋਦੀ ਸਰਕਾਰ ਨੂੰ ਲਾਹਣਤਾਂ ਪਾਉਣ ਲਈ ਨਾਅਰੇਬਾਜ਼ੀ ਅਤੇ ਉੱਚੀ ਹੇਕ ਵਿਚ ਬੋਲੀਆਂ ਪਾ ਕੇ ‘ਜਾਗੋ’ ਸਿਰਾਂ ਉੱਪਰ ਚੁੱਕ ਕੇ ਤਿਰੰਗੇ ਝੰਡੇ ਦੀ ਅਗਵਾਈ ਵਿਚ ਕਿਸਾਨੀ ਝੰਡੇ, ਬੈਨਰ ਅਤੇ ਕਾਲੇ ਝੰਡੇ ਲੈ ਕੇ ਪਿੰਡ ਦੀ ਪਰਿਕਰਮਾ ਕੀਤੀ। ਇਸ ਦੌਰਾਨ ਕਿਸਾਨੀ ਘੋਲ ਦੀ ਹਮਾਇਤ ਵਿਚ ਨਿੱਤਰੀਆਂ ਬੀਬੀਆਂ ਨੂੰ ਸੱਥ ਵਿਚ ਬੈਠੇ ਪਿੰਡ ਦੇ ਵੱਡੇ ਬਜ਼ੁਰਗਾਂ ਨੇ ਆਸ਼ੀਰਵਾਦ ਵੀ ਦਿੱਤਾ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਥਾਂ-ਥਾਂ ਸਵਾਗਤ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਹਰਮਿੰਦਰ ਸਿੰਘ ਗਿੱਲ, ਕਿਸਾਨ ਆਗੂ ਇਕਬਾਲ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ, ਪਿਆਰਾ ਸਿੰਘ ਵੀ ਜਾਗੋ ਵਾਲੀਆਂ ਬੀਬੀਆਂ ਦੇ ਪਿੱਛੇ-ਪਿੱਛੇ ਨਾਅਰੇ ਮਾਰਦੇ ਚੱਲ ਰਹੇ ਸਨ। ਸਕੂਲੀ ਵਿਦਿਆਰਥਣਾਂ ਅਤੇ ਛੋਟੇ ਬੱਚਿਆਂ ਨੇ ਵੀ ‘ਜਾਗੋ’ ਵਿਚ ਸ਼ਮੂਲੀਅਤ ਕੀਤੀ। ਸਮਾਪਤੀ ਮੌਕੇ ‘ਜਾਗੋ’ ਵਾਲੀਆਂ ਬੀਬੀਆਂ ਨੇ ਐਲਾਨ ਕੀਤਾ ਕਿ ਉਹ ਪਿੰਡਾਂ ਵਿਚ ਸਕੂਟਰ ਮਾਰਚ ਕਰ ਕੇ ਨੇੜਲੇ ਪੱਕੇ ਮੋਰਚਿਆਂ ਵਿਚ ਵੀ ਸ਼ਾਮਲ ਹੋਣਗੀਆਂ।
ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਲਈ 22 ਜੁਲਾਈ ਤੋਂ ਦਿੱਲੀ ਵਿੱਚ ਸੰਸਦ ਦਾ ਘਿਰਾਓ ਕੀਤਾ ਜਾ ਰਿਹਾ ਹੈ, ਜਿਸ ਲਈ ਮਾਛੀਵਾੜਾ ਤੋਂ ਵੀ ਕਿਸਾਨ ਰਵਾਨਾ ਹੋ ਗਏ ਹਨ। ਨੇੜਲੇ ਪਿੰਡ ਚੱਕੀ ਤੋਂ ਰਵਾਨਾ ਹੋਏ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਜਸਦੀਸ਼ ਸਿੰਘ, ਨੰਬਰਦਾਰ ਅਮਰਜੀਤ ਸਿੰਘ ਤੇ ਕੁਲਦੀਪ ਸਿੰਘ ਦਿਆਲ ਨੇ ਦੱਸਿਆ ਕਿ ਉਹ ਭਲਕੇ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਸਦ ਦਾ ਘਿਰਾਓ ਕਰਨਗੇ ਤਾਂ ਜੋ ਮੋਦੀ ਸਰਕਾਰ ਜੋ ਕਾਲੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਉਸ ਨੂੰ ਰੱਦ ਕਰਵਾਇਆ ਜਾ ਸਕੇ।