ਜੋਗਿੰਦਰ ਸਿੰਘ ਓਬਰਾਏ
ਖੰਨਾ, 17 ਅਗਸਤ
ਭਾਜਪਾ ਦੇ ਨਵ-ਨਿਯੁਕਤ ਖੰਨਾ ਦੇ ਪ੍ਰਧਾਨ ਰਜਨੀਸ਼ ਬੇਦੀ ਦਾ ਤਾਜਪੋਸ਼ੀ ਸਮਾਗਮ ਇਥੋਂ ਦੇ ਪ੍ਰਿਸਟਾਈਨ ਮਾਲ ਵਿੱਚ ਕੀਤਾ ਗਿਆ। ਇਸ ਸਮਾਗਮ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ਵਿਚ ਕਿਸਾਨ ਮਾਲ ਦੇ ਬਾਹਰ ਇੱਕਠੇ ਹੋ ਗਏ ਅਤੇ ਉਨ੍ਹਾਂ ਨੇ ਭਾਜਪਾ ਦਾ ਜ਼ੋਰਦਾਰ ਵਿਰੋਧ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ, ਜਿਸ ਦੇ ਮਾੜੇ ਨਤੀਜੇ ਅੱਜ ਦੇਸ਼ ਦਾ ਹਰ ਵਰਗ ਭੁਗਤ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਸੀ, ਜਿਸ ਕਾਰਨ ਭਾਜਪਾ ਤੇ ਕਿਸਾਨਾਂ ਵਿਚ ਵੱਡਾ ਟਕਰਾਅ ਹੋਣੋਂ ਬਚਾਅ ਰਿਹਾ। ਇਸ ਮੌਕੇ ਕਿਸਾਨ ਆਗੂਆਂ ਰਾਜਿੰਦਰ ਸਿੰਘ ਬੈਨੀਪਾਲ ਅਤੇ ਦਲਜੀਤ ਸਿੰਘ ਸਵੈਚ ਨੇ ਕਿਹਾ ਕਿ ਜਿੰਨਾ ਚਿਰ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।
ਤਾਜਪੋਸ਼ੀ ਸਮਾਗਮ ਮੌਕੇ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਪਵਨ ਕੁਮਾਰ ਟਿੰਕੂ, ਰਾਜੇਸ਼ ਡਾਲੀ, ਅਜੈ ਸੂਦ, ਸੰਜੀਵ ਧਮੀਜਾ, ਅਨੁਜ ਛਾਹੜੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਬੇਦੀ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਸ ਨੂੰ ਪੂਰੀ ਇਮਾਨਦਾਰੀ ਤਨਦੇਹੀ ਨਾਲ ਨਿਭਾਉਣਗੇ।