ਡੀਪੀਐੱਸ ਬੱਤਰਾ
ਸਮਰਾਲਾ, 1 ਅਕਤੂਬਰ
ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅੱਜ ਤੋਂ ਅਣਮਿਥੇ ਸਮੇਂ ਲਈ ਰੇਲਾਂ ਰੋਕਣ ਦੇ ਐਲਾਨੇ ਗਏ ਪ੍ਰੋਗਰਾਮ ਤਹਿਤ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਰੇਲਵੇ ਟਰੈਕਾਂ ‘ਤੇ ਪੱਕੇ ਤੰਬੂ ਗੱਡਦੇ ਹੋਏ ਪੰਜਾਬ ਵਿੱਚ ‘ਰੇਲ ਰੋਕੋ’ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਅੱਜ ਇਥੇ ਵੀ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਸਮਰਾਲਾ ਦੇ ਰੇਲਵੇ ਸਟੇਸ਼ਨ ਵਿੱਚ ਪੁੱਜ ਕੇ ਰੇਲਾਂ ਰੋਕਣ ਲਈ ਰੇਲਵੇ ਪੱਟੜੀਆਂ ਨੂੰ ਘੇਰ ਲਿਆ ਗਿਆ ਅਤੇ ਕਿਸਾਨ ਇਨ੍ਹਾਂ ਪੱਟੜੀਆਂ ‘ਤੇ ਹੀ ਤੰਬੂ ਗੱਡਦੇ ਹੋਏ ਧਰਨੇ ‘ਤੇ ਬੈਠ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਇੱਕ ਡੂੰਘੀ ਸਾਜਿਸ਼ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਰਿੰਲਾਇਸ ਦੇ ਪੈਟਰੋਲ ਪੰਪਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰਨ ਦਾ ਸੱਦਾ ਦਿੱਤਾ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਸੇ ਦੌਰਾਨ ਇੱਥੇ ਅੱਜ ਸ਼ਹਿਰ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚਆਮ ਆਦਮੀ ਪਾਰਟੀ ਯੂਥ ਵਿੰਗ ਨੇ ਸਤਿੰਦਰ ਸਿੰਘ ਸੋਨੂੰ ਖੱਟੜਾ ਦੀ ਅਗਵਾਈ ਹੇਠਾਂ ਰੋਸ ਮਾਰਚ ਕੱਢਿਆ। ਇਹ ਮਾਰਚ ਅਮਲੋਹ ਰੋਡ ਤੋਂ ਅਰੰਭ ਹੋ ਕੇ ਦਾਣਾ ਮੰਡੀ ਵਿੱਚ ਪੁੱਜਾ, ਜਿੱਥੇ ਵਾਲੰਟੀਅਰਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਨੌਜਵਾਨਾਂ ਨੇ ਟਰੈਕਟਰ ਅਤੇ ਮੋਟਰਸਾਈਕਲਾਂ ’ਤੇ ਮਾਰਚ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਖੱਟੜਾ ਨੇ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਦੀ ਹੱਤਿਆ ਕਰਕੇ ਕਾਰਪੋਰੇਟ ਘਰਾਣਿਆਂ ਕੋਲ ਦੇਸ਼ ਨੂੰ ਗੁਲਾਮ ਕਰਨ ਲੱਗੀ ਹੋਈ ਹੈ। ਇਸ ਮੌਕੇ ਗੁਰਜੀਤ ਸਿੰਘ ਗਿੱਲ, ਲਖਵੀਰ ਸਿੰਘ ਔਜਲਾ, ਸੁਖਵਿੰਦਰ ਸਿੰਘ ਲਲਹੇੜੀ, ਵਿੱਕੀ ਸਿੱਧੂ, ਰਵੀ ਖੰਨਾ, ਸੁਖਜੀਤ ਸਿੰਘ ਖੱਟੜਾ, ਨੀਨਾ ਖੱਟੜਾ ਹਾਜ਼ਰ ਸਨ।
ਮੋਦੀ ਵਿਰੋਧੀ ਨਾਅਰਿਆਂ ਨਾਲ ਗੂੰਜਿਆ ਜਗਰਾਉਂ
ਜਗਰਾਉਂ(ਚਰਨਜੀਤ ਸਿੰਘ ਢਿੱਲੋਂ): ਕਿਸਾਨੀ ਨੂੰ ਬਰਬਾਦ ਕਰਨ ਵਾਲੇ ਤਿੰਨ ਬਿੱਲਾਂ ਨੂੰ ਰੱਦ ਕਰਵਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਟਰੈਕਟਰਾਂ,ਟਰਾਲੀਆਂ,ਸਕੂਟਰਾਂ,ਮੋਟਰਸਾਈਕਲਾਂ ਆਦਿ ’ਤੇ ਆਏ ਕਿਸਾਨਾਂ ਮਜ਼ਦੂਰਾਂ ਦੇ ਕਾਫਲੇ ਜਗਰਾਉਂ ਰੇਲਵੇ ਸਟੇਸ਼ਨ ਤੇ ਸ਼ੁਰੂ ਹੋਏ ਅੱਣਮਿਥੇ ਸਮੇਂ ਲਈ ਧਰਨੇ ਵਿੱਚ ਸ਼ਾਮਲ ਹੋਏ । ਪਿੰਡ ਬੁਚਕਰ, ਮਲਕ, ਚੀਮਨਾਂ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਬਰਸਾਲ, ਸਿੱਧਵਾਂ ਬੇਟ, ਚੌਂਕੀਮਾਨ, ਗੁੱੜੇ, ਸਵੱਦੀ, ਰਸੂਲਪੁਰ, ਦੇਹੜਕਾ,ਕਮਾਲਪੁਰਾ ਸਮੇਤ ਦੋ ਦਰਜਨ ਪਿੰਡਾਂ ਤੋਂ ਕਿਸਾਨ ਜਥੇਬੰਦੀਆਂ ਦੇ ਵਰਕਰ ਮਜ਼ਦੂਰਾਂ ਨੇ ਮੋਦੀ ਵਿਰੁੱਧ ਨਾਅਰਬਾਜ਼ੀ ਕੀਤੀ। ਸਮੁੱਚੇ ਜਗਰਾਉਂ ਵਿੱਚ ਅੱਜਲ ਮੋਦੀ ਵਿਰੋਧੀ ਅਕਾਸ਼ ਗੂੰਜਾਊਂ ਨਾਅਰੇ ਗੂੰਜ ਰਹੇ ਸਨ।
ਭਾਜਪਾ ਦੇ ਸੂਬਾ ਪ੍ਰਧਾਨ ਦਾ ਘਰ ਘੇਰਿਆ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਪਾਇਲ ਦੇ ਘਰ ਅੱਗੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਲਗਾਇਆ ਗਿਆ ਅਤੇ ਕੇਂਦਰ ਸਰਕਾਰ ਨਾਅਰੇਬਾਜ਼ੀ ਕੀਤੀ ਗਈ। ਬੀਕੇਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਬਿਜਲੀ ਬਿੱਲ 2020 ਨੂੰ ਵਾਪਸ ਕਰਵਾਉਣ ਲਈ ਸ਼ੰਘਰਸ ਜਾਰੀ ਰੱਖਿਆ ਜਾਵੇਗਾ।
ਚੀਮਾ ਵੱਲੋਂ ਅਕਾਲੀਆਂ ਤੇ ਕਾਂਗਰਸੀਆਂ ’ਤੇ ਸਿਆਸਤ ਕਰਨ ਦਾ ਦੋਸ
ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਭਰਾਵਾਂ ਵੱਲੋਂ ਧਰਨੇ ਲਗਾਉਣਾ ਉਨ੍ਹਾਂ ਦਾ ਜ਼ਮੀਨੀ ਹੱਕ ਹੈ, ਪਰ ਕਿਸਾਨ ਯੂਨੀਅਨ ਦੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਘੋਖਿਆ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇੱਕ ਕਮਜ਼ੋਰੀ ਜ਼ਰੂਰ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਦੀ ਕਾਪੀ ਪਿੰਡ ਪੱਧਰ ਤੱਕ ਲੋਕਾਂ ਕੋਲ ਨਹੀਂ ਭੇਜੀ ਗਈ, ਜੋ ਜਲਦੀ ਹੀ ਸੱਥਾਂ ਵਿੱਚ ਕਿਸਾਨਾਂ ਨੂੰ ਪੜ੍ਹਨ ਲਈ ਮਿਲਣਗੀਆਂ। ਧਰਨਿਆਂ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਇਹ ਸਭ ਕੁੱਝ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਰਾਹ ਪੱਧਰਾ ਕਰ ਰਹੇ ਹਨ ਅਤੇ ਆਪਣਾ ਵੋਟ ਬੈਂਕ ਪੱਕਾ ਕਰ ਰਹੇ ਹਨ।
ਖੇਤੀ ਕਾਨੂੰਨਾਂ ਖ਼ਿਲਾਫ਼ ਰੇਲ ਲਾਈਨਾਂ ’ਤੇ ਧਰਨਾ
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਬਿੱਲਾਂ ਖਿਲਾਫ਼ ਅੱਜ ਲੋਕ ਇਨਸਾਫ਼ ਪਾਰਟੀ ਵੱਲੋਂ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠਾਂ ਪਿੰਡ ਜਸਪਾਲੋਂ ਦੇ ਫ਼ਾਟਕ ਨੇੜੇ ਰੇਲਵੇ ਲਾਈਨਾਂ ’ਤੇ 4 ਘੰਟੇ ਧਰਨਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਲਿਪ ਆਗੂ ਸਰਬਜੀਤ ਸਿੰਘ ਕੰਗ ਨੇ ਕਿਹਾ ਕਿ ਨਵੇਂ ਕਾਨੂੰਨਾਂ ਅਨੁਸਾਰ ਵਪਾਰੀਆਂ ਨੂੰ ਪ੍ਰਾਈਵੇਟ ਮੰਡੀਆਂ ਖੋਲ੍ਹਣ ਅਤੇ ਮੌਜੂਦਾ ਮੰਡੀਆਂ ਤੋਂ ਬਾਹਰ ਕਿਸਾਨਾਂ ਤੋਂ ਸਿੱਧੇ ਤੌਰ ’ਤੇ ਖੇਤੀ ਜਿਣਸਾਂ ਖ਼੍ਰੀਦਣ ਦੀ ਖੁੱਲ੍ਹ ਹੋਵੇਗੀ। ਇਸ ਕਾਨੂੰਨ ਨਾਲ ਦੇਸ਼ ਦੇ ਫੈਡਰਲ ਢਾਂਚੇ ਦੀ ਆਤਮਾ ’ਤੇ ਸਿੱਧਾ ਹਮਲਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਝੂਠੇ ਬਿਆਨ ਦਾਗ ਕੇ ਕਿਸਾਨਾਂ ਨੂੰ ਮੂਰਖ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪ੍ਰੰਤੂ ਹੁਣ ਕਿਸਾਨ ਕੇਂਦਰ ਦੀਆਂ ਚਾਲਾਂ ਨੂੰ ਸਮਝ ਗਿਆ ਹੈ ਅਤੇ ਆਪਣੇ ਹੱਕਾਂ ਲਈ ਲੜਨਾ ਜਾਣਦਾ ਹੈ। ਇਸ ਮੌਕੇ ਹਰਵਿੰਦਰ ਸਿੰਘ ਇਕੋਲਾਹੀ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਜਸਪਾਲੋਂ, ਗੁਰਦੀਪ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਨਾਟਕ ‘ਉੱਠਣ ਦਾ ਵੇਲਾ’ ਦੀ ਸਫ਼ਲ ਪੇਸ਼ਕਾਰੀ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਇੱਥੇ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਜਗਰਾਉਂ ਰੇਲਵੇ ਸਟੇਸ਼ਨ ’ਤੇ ਕਿਸਾਨਾਂ , ਮਜ਼ਦੂਰਾਂ ਨੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ। ਧਰਨੇ ਦੀ ਸ਼ੁਰੂਆਤ ਸਮੇਂ ਕਿਸਾਨ ਆਗੂ ਮਨਜੀਤ ਧਨੇਰ,ਬੂਟਾ ਸਿੰਘ ਚੱਕਰ,ਹਰਦੀਪ ਗਾਲਬਿ,ਇੰਦਰਜੀਤ ਧਾਲੀਵਾਲ,ਜਗਤਾਰ ਦੇਹੜਕਾ,ਮਹਿੰਦਰ ਕਮਾਲਪੁਰਾ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਰਤੀ ਲੋਕ ਕਿਸਾਨ ਮਜ਼ਦੂਰ ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜਨਗੇ । ਇਹ ਦਿਨ-ਰਾਤ ਦਾ ਧਰਨਾ ਨਿਰਵਿਘਨ ਜਾਰੀ ਰਹੇਗਾ । ਉਨ੍ਹਾਂ ਐਲਾਨ ਕੀਤਾ ਕਿ ਕਿਰਤੀਆਂ ਦਾ ਅਗਲਾ ਨਿਸ਼ਾਨਾ ਰਿਲਾਇੰਸ ਦੇ ਪੰਪਾਂ ਅਤੇ ਸਟੋਰਾਂ ਦਾ ਘਿਰਾਓ ਕਰਨਾ ਹੈ। ਲੋਕ ਕਲਾ ਮੰਚ ਮੁੱਲਾਂਪੁਰ ਦੇ ਕਲਾਕਾਰਾਂ ਨੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਨਾਟਕ ‘ਉੱਠਣ ਦਾ ਵੇਲਾ’ ਦੀ ਸਫਲ ਪੇਸ਼ਕਾਰੀ ਕੀਤੀ ।