ਜਸਬੀਰ ਸ਼ੇਤਰਾ
ਜਗਰਾਉਂ, 9 ਅਪਰੈਲ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਤਹਿਤ ਚੌਕੀਮਾਨ ਟੌਲ ਪਲਾਜ਼ਾ ’ਤੇ ਧਰਨਾ ਲਗਾਤਾਰ ਜਾਰੀ ਰਿਹਾ ਹੈ। ਅੱਜ ਸਾਥੀ ਨਾਇਬ ਸਿੰਘ, ਹਾਕਮ ਸਿੰਘ ਗਾਲਬਿ, ਮਾਸਟਰ ਸੁਖਦੇਵ ਸਿੰਘ ਧਾਲੀਵਾਲ, ਗੁਰਮੀਤ ਸਿੰਘ, ਗੁਰਚਰਨ ਸਿੰਘ ਹਠੂਰ, ਸਰਪੰਚ ਸੁਖਦੇਵ ਸਿੰਘ ਭਮਾਲ, ਗੁਰਬਖਸ਼ ਸਿੰਘ ਅਤੇ ਮਾ. ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਸਦੇਵ ਸਿੰਘ ਲਲਤੋਂ, ਸਤਨਾਮ ਸਿੰਘ, ਆਤਮਾ ਸਿੰਘ ਬੋਪਾਰਾਏ, ਜੋਗਿੰਦਰ ਆਜ਼ਾਦ, ਅਵਤਾਰ ਸਿੰਘ, ਚਮਕੌਰ ਸਿੰਘ ਬਰਮੀ, ਚਰਨ ਸਿੰਘ ਸਰਾਭਾ, ਜਸਬੀਰ ਸਿੰਘ ਬੱਦੋਵਾਲ, ਬਲਦੇਵ ਸਿੰਘ ਰਸੂਲਪੁਰ, ਨਿਰਮਲ ਸਿੰਘ, ਜਸਬੀਰ ਸਿੰਘ ਗੁੜੇ, ਜਥੇਦਾਰ ਰਣਜੀਤ ਸਿੰਘ ਗੁੜੇ ਆਦਿ ਨੇ ਸੰਬੋਧਨ ਕੀਤਾ।
ਇਸੇ ਤਰ੍ਹਾਂ ਰੇਲਵੇ ਪਾਰਕ ਜਗਰਾਉਂ ’ਚ ਕਿਸਾਨ ਸੰਘਰਸ਼ ਮੋਰਚਾ ਅੱਜ 191ਵੇਂ ਦਿਨ ’ਚ ਦਾਖ਼ਲ ਹੋ ਗਿਆ। ਅੱਜ ਦਾ ਧਰਨਾ ਵਿਸ਼ਵ ਪ੍ਰਸਿੱਧ ਰਚਨਾ ‘ਵੋਲਗਾ ਤੋਂ ਗੰਗਾ ਤੱਕ’ ਦੇ ਮਹਾਨ ਲੇਖਕ ਅਤੇ ਸਾਰੀ ਉਮਰ ਲੋਕਾਂ ਨੂੰ ਸਮਰਪਿਤ ਪ੍ਰਸਿੱਧ ਵਿਦਵਾਨ ਲੇਖਕ ਰਾਹੁਲ ਸੰਕਰਤਾਇਨ ਨੂੰ ਸਮਰਪਿਤ ਰਿਹਾ। ਧਰਨੇ ਨੂੰ ਕਿਸਾਨ ਆਗੂ ਦਰਸ਼ਨ ਸਿੰਘ ਗਾਲਬਿ, ਹਰਚੰਦ ਸਿੰਘ ਢੋਲਣ, ਇੰਦਰਜੀਤ ਸਿੰਘ ਧਾਲੀਵਾਲ, ਹਰਭਜਨ ਸਿੰਘ ਦੌਧਰ, ਕੁਲਵਿੰਦਰ ਸਿੰਘ ਢੋਲਣ, ਮਦਨ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਲਕੇ 10 ਅਪਰੈਲ ਨੂੰ ਸੈਂਕੜੇ ਦੀ ਗਿਣਤੀ ’ਚ ਕਿਸਾਨ-ਮਜ਼ਦੂਰ ਦਿੱਲੀ ਵਿੱਚ ਕੇਐੱਮਪੀ ਰੋਡ ਨੂੰ ਜਾਮ ਕਰਕੇ ਮੌਦੀ ਹਕੂਮਤ ਦਾ ਗਰੂਰ ਚਕਨਾਚੂਰ ਕਰਨਗੇ।
ਰਾਮਪੁਰ ਵਾਸੀਆਂ ਵੱਲੋਂ ਕਿਸਾਨ ਅੰਦੋਲਨ ਨੂੰ ਸੇਵਾਵਾਂ ਦੇਣ ਦਾ ਐਲਾਨ਼
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਪਿੰਡ ਰਾਮਪੁਰ ਦੇ ਵਾਸੀਆਂ ਨੇ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿਚ ਕਿਸਾਨ ਅੰਦੋਲਨ ਲਈ ਹਰ ਸੰਭਵ ਸੇਵਾਵਾਂ ਭੇਜਣ ਦਾ ਐਲਾਨ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਰਾਜਿੰਦਰ ਸਿੰਘ, ਨੇਤਰ ਸਿੰਘ ਅਤੇ ਪ੍ਰਗਟ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਇਹ ਲੜਾਈ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਅਤੇ ਸਾਨੂੰ ਸਭ ਨੂੰ ਵੱਡੇ ਸ਼ਾਂਤਮਈ ਇਤਿਹਾਸਕ ਅੰਦੋਲਨ ਨੂੰ ਸਰਮਪਿਤ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਕਿਸਾਨਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਪ੍ਰਣ
ਲੁਧਿਆਣਾ (ਸਤਵਿੰਦਰ ਬਸਰਾ): ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਲੱਗਿਆ ਮੋਰਚਾ 152ਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ਨੂੰ ਸੰਬੋਧਨ ਕਰਦੇ ਯੂਨੀਅਨ ਦੇ ਆਗੂ ਮਾਸਟਰ ਚਰਨ ਸਿੰਘ ਨੂਰਪੁਰਾ ਨੇ ਸੰਘਰਸ਼ ਦੀ ਮੌਜੂਦਾ ਸਥਿਤੀ ਅਤੇ ਲੋੜਾਂ ਬਾਰੇ ਵਿਸਥਾਰ ਵਿੱਚ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਫਸਲ ਨੂੰ ਸਾਂਭਣ ਦਾ ਮੌਕਾ ਹੈ ਅਤੇ ਕਿਸਾਨਾਂ, ਮਜ਼ਦੂਰਾਂ ਨੂੰ ਕੰਮ ਦਾ ਪੂਰਾ ਤਾੜ ਹੈ, ਇਸਦੇ ਬਾਵਜੂਦ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।