ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਅਗਸਤ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਸਰਪ੍ਰਸਤੀ ਹੇਠ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਿਸਾਨ ਧਰਨਾ ਅੱਜ ਵੀ ਜਾਰੀ ਰਿਹਾ। ਆਤਮਾ ਸਿੰਘ ਬੋਪਾਰਾਏ, ਜਸਦੇਵ ਸਿੰਘ ਲਲਤੋਂ, ਸਤਨਾਮ ਸਿੰਘ ਮੋਰਕਰੀਮਾ, ਰਣਜੀਤ ਸਿੰਘ ਗੁੜੇ, ਜਸਵੀਰ ਸਿੰਘ ਬੱਦੋਵਾਲ ਤੇ ਹੋਰਾਂ ਆਗੂਆਂ ਨੇ ਦੱਸਿਆ ਕਿ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਪਿੰਡ-ਪਿੰਡ ਤਿਆਰੀ ਮੁਹਿੰਮ ਜਾਰੀ ਹੈ। ਕਿਸਾਨ ਮੋਰਚਾ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਤੇਲ ਤੇ ਗੈਸ ਕੀਮਤਾਂ ’ਚ ਵਾਧਾ ਵਾਪਸ ਕਰਵਾਉਣ ਦੀ ਲੜਾਈ ਵੀ ਲੜ ਰਿਹਾ ਹੈ। ਧਰਨੇ ’ਚ ਜਰਨੈਲ ਸਿੰਘ, ਭਰਪੂਰ ਸਿੰਘ, ਜਸਵੰਤ ਸਿੰਘ ਮਾਨ, ਜਗਤਾਰ ਸਿੰਘ ਤਲਵੰਡੀ ਆਦਿ ਮੌਜੂਦ ਸਨ।
ਉਧਰ ਬੀਕੇਯੂ ਏਕਤਾ (ਡਕੌਂਦਾ) ਵੱਲੋਂ ਪਿੰਡਾਂ ’ਚ ਕਿਸਾਨ ਸੰਘਰਸ਼ ਦੀ ਮਜ਼ਬੂਤੀ ਲਈ ਲਾਮਬੰਦੀ ਮੁਹਿੰਮ ਚੌਥੇ ਦਿਨ ਵੀ ਜਾਰੀ ਰਹੀ। ਅੱਜ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਪਿੰਡ ਛੱਜਾਵਾਲ, ਰੂਮੀ, ਭੰਮੀਪੁਰਾ, ਰਣਧੀਰਗੜ੍ਹ, ਚੀਮਾ ਪਿੰਡਾਂ ’ਚ ਪੀਪਲਜ਼ ਆਰਟ ਥੀਏਟਰ ਪਟਿਆਲਾ ਵਲੋਂ ਨਿਰਦੇਸ਼ਕ ਸਤਪਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਅਣਖ ਜਿਨ੍ਹਾਂ ਦੀ ਜਿਉਂਦੀ ਹੈ’ ਰਾਹੀਂ ਕਾਲੇ ਕਾਨੂੰਨਾਂ ਦੇ ਮਾਰੂ ਅਸਰਾਂ ਬਾਰੇ ਸਫ਼ਲਤਾ ਨਾਲ ਜਾਗਰੂਕ ਕੀਤਾ ਗਿਆ। ਇੰਦਰਜੀਤ ਸਿੰਘ ਧਾਲੀਵਾਲ, ਧਰਮ ਸਿੰਘ ਸੂਜਾਪੁਰ ਤੇ ਹੋਰਾਂ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੀ ਖਰੀਦ ਦੇ ਪੈਮਾਨੇ ਸਖ਼ਤ ਕਰਨ ਦੀ ਕਰੜੀ ਨਿੰਦਾ ਕੀਤੀ।
ਸਕੱਤਰ ਗੁਰਪ੍ਰੀਤ ਸਿੰਘ ਸਿੱਧਵਾਂ ਨੇ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਯੂਰੀਆ ਦੀ ਸਪਲਾਈ ਘਟਾਉਣ ਦੀ ਅਤੇ ਦੂਜੇ ਪਾਸੇ ਬਾਜ਼ਾਰ ’ਚ ਖਾਦ ਦੀ ਕਿੱਲਤ ਪੈਦਾ ਕਰਨ ਦੀ ਵੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੇਂਦਰੀ ਹਕੂਮਤ ਇਨ੍ਹਾਂ ਸਾਜਿਸ਼ਾਂ ਤੋਂ ਬਾਜ਼ ਆਵੇ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਇਹ ਲਾਮਬੰਦੀ ਮੁਹਿੰਮ ਦੋ ਦਿਨ ਲਗਾਤਾਰ ਹੰਬੜਾਂ ਬਲਾਕ ’ਚ ਅਤੇ ਫਿਰ ਦੋ ਦਿਨ ਰਾਏਕੋਟ ਬਲਾਕ ’ਚ ਸਮਾਨੰਤਰ ਚਲਾਈ ਜਾਵੇਗੀ। ਇਸ ਦੌਰਾਨ ਰੇਲਵੇ ਪਾਰਕ ’ਚ ਚੱਲ ਰਿਹਾ ਕਿਸਾਨ ਸੰਘਰਸ਼ ਮੋਰਚਾ ਵੀ ਜਾਰੀ ਰਿਹਾ।
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦਾ ਫ਼ੈਸਲਾ
ਖੰਨਾ (ਨਿੱਜੀ ਪੱਤਰ ਪ੍ਰੇਰਕ): ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਸਬੰਧੀ ਪਿੰਡ ਪਿੰਡ ਵਿਚ ਇਕੱਠ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।