ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਅਗਸਤ
ਝੋਨੇ ਦੀ ਫ਼ਸਲ ਵਿੱਚ ਡਰੇਨ ਦਾ ਪਾਣੀ ਵੜਨ ਕਾਰਨ ਅਖਾੜਾ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਡੁੱਬ ਗਈ ਹੈ। ਪੀੜਤ ਕਿਸਾਨ ਰਛਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ੍ਹੀਂ ਹੋਈ ਭਾਰੀ ਬਾਰਸ਼ ਕਾਰਨ ਡਰੇਨ ਨਾਲਿਆਂ ਦਾ ਪਾਣੀ ਉਨ੍ਹਾਂ ਦੇ ਡਰੇਨ ਨਾਲ ਲੱਗਦੇ ਕਰੀਬ 25 ਏਕੜ ਝੋਨੇ ਦੇ ਖੇਤਾਂ ਵਿੱਚ ਭਰ ਗਿਆ। ਪਾਣੀ ਭਰਨ ਅਤੇ ਨਿਕਾਸੀ ਨਾ ਹੋਣ ਕਾਰਨ ਉਨ੍ਹਾਂ ਦੀ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਡਰੇਨ ਵਿਭਾਗ ਨਾਲਿਆਂ ਦੀ ਸਫ਼ਾਈ ਲਈ ਹਰ ਵਰ੍ਹੇ ਖਾਨਾਪੂਰਤੀ ਕਰਦਾ ਹੈ। ਜਦੋਂ ਬਾਰਸ਼ਾਂ ਦੇ ਦਿਨ ਹੁੰਦੇ ਹਨ ਡਰੇਨਾਂ ਜ਼ਿਆਦਾ ਪਾਣੀ ਨਹੀਂ ਝੱਲਦੀਆਂ ਅਤੇ ਪਾਣੀ ਦਾ ਰੁਖ਼ ਖੇਤਾਂ ਵੱਲ ਨੂੰ ਹੋ ਜਾਂਦਾ ਹੈ। ਇਸ ਕਾਰਨ ਝੋਨੇ ਸਣੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਇਸ ਲਾਪਰਵਾਹੀ ਕਾਰਨ ਹੋਣ ਵਾਲੇ ਨੁਕਸਾਨ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ।
ਪੀੜਤ ਕਿਸਾਨ ਰਛਪਾਲ ਸਿੰਘ ਸਣੇ ਹੋਰ ਪੀੜਤਾਂ ਨੇ ਦੱਸਿਆ ਕਿ ਡਰੇਨ ਨਾਲ ਲੱਗਦੀ ਬਹੁਤੀ ਜ਼ਮੀਨ ਕਿਸਾਨਾਂ ਵੱਲੋਂ ਠੇਕੇ ’ਤੇ ਲਈ ਹੋਈ ਹੈ। ਇਸ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਡਰੇਨ ਵਿਭਾਗ ਦੀ ਅਣਗਹਿਲੀ ਅਤੇ ਲਾਪਰਵਾਹੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਕਾਗਜ਼ਾਂ ਦੀ ਥਾਂ ਅਸਲ ਵਿੱਚ ਡਰੇਨਾਂ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ।
ਡਰੇਨਾਂ ਦੀ ਸਫ਼ਾਈ ਦਾ ਜਾਇਜ਼ਾ ਲਿਆ ਜਾਵੇਗਾ: ਮਾਣੂੰਕੇ
ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਇਸ ਸਬੰਧੀ ਉਹ ਖ਼ੁਦ ਡਰੇਨ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ। ਹਲਕੇ ਦੀਆਂ ਡਰੇਨਾਂ ਦੀ ਸਫ਼ਾਈ ਦਾ ਜਾਇਜ਼ਾ ਲੈਣਗੇ। ਉਨ੍ਹਾਂ ਆਖਿਆ ਕਿ ਕਿਸਾਨਾਂ ਨਾਲ ਵੀ ਰਾਬਤਾ ਕੀਤਾ ਜਾਵੇਗਾ ਪਰ ਅਜੇ ਤੱਕ ਉਨ੍ਹਾਂ ਨਾਲ ਇਸ ਬਾਰੇ ਕਿਸੇ ਵੀ ਕਿਸਾਨ ਨੇ ਗੱਲਬਾਤ ਨਹੀਂ ਕੀਤੀ।